ਨਵੀਂ ਦਿੱਲੀ : ਐਪ ਬੰਦ ਹੋਣ ਤੋਂ ਬਾਅਦ ਮੋਦੀ ਸਰਕਾਰ ਨੇ ਨਵੀਂ ਸਿੱਖਿਆ ਨੀਤੀ (NEP) 'ਚੋ ਚਾਈਨਜ਼ ਨੂੰ ਵਿਦੇਸ਼ੀ ਭਾਸ਼ਾ ਦੀ ਲਿਸਟ 'ਚੋਂ ਬਾਹਰ ਕੱਢ ਕੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਤੋਂ ਬੁਖਲਾਏ ਚੀਨ ਨੇ ਭਾਰਤ ਨੂੰ ਸਿਆਸੀਕਰਨ ਨਾ ਕਰਨ ਨੂੰ ਕਿਹਾ ਹੈ। ਇਸ ਨੂੰ ਲੈ ਕੇ ਭਾਰਤ ਸਥਿਤ ਚੀਨੀ ਦੂਤਾਵਾਸ ਨੇ ਕਿਹਾ ਹੈ ਕਿ ਭਾਰਤ ਕਨਫਿਊਸ਼ਿੰਸ ਇੰਸਟੀਚਿਊਟ ਤੇ ਚੀਨ ਭਾਰਤ ਉੱਚ ਸਿੱਖਿਆ ਸਹਿਯੋਗ ਦੇ ਉਦੇਸ਼ 'ਤੇ ਨਿਰਪੱਖ ਵਿਹਾਰ ਕਰੇਗਾ, ਸਿਆਸੀਕਰਨ ਤੋਂ ਬਚੇਗਾ ਤੇ ਚੀਨ-ਭਾਰਤ 'ਚ ਸੱਭਿਆਚਾਰਕ ਆਦਾਨ-ਪ੍ਰਦਾਨ ਦਾ ਸਥਿਰ ਵਿਕਾਸ ਜਾਰੀ ਰਹੇਗਾ।

ਇਸ ਨੂੰ ਲੈ ਕੇ ਚੀਨੀ ਦੂਤਾਵਾਸ ਨੇ ਅੱਗੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਕਨਫਿਊਸ਼ਿੰਸ ਇੰਸਟੀਚਿਊਟ ਨੇ ਭਾਰਤ 'ਚ ਚੀਨੀ ਭਾਸ਼ਾ ਦੀ ਸਿੱਖਿਆ ਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਭਾਰਤੀ ਸਿੱਖਿਆ ਭਾਈਚਾਰੇ ਤੋਂ ਮਾਨਤਾ ਪ੍ਰਾਪਤ ਹੈ। ਦੋਵਾਂ ਦੇਸ਼ਾਂ 'ਚ ਤੇਜ਼ੀ ਨਾਲ ਵੱਧ ਰਹੇ ਆਰਥਿਕ, ਵਪਾਰ ਤੇ ਸੱਭਿਆਚਾਰਕ ਆਦਾਨ-ਪ੍ਰਦਾਨ ਦੇ ਨਾਲ, ਭਾਰਤ 'ਚ ਚੀਨੀ ਭਾਸ਼ਾ ਦੀ ਸਿੱਖਿਆ ਦੀ ਮੰਗ ਵੱਧ ਰਹੀ ਹੈ। ਕਨਫਿਊਸ਼ਿੰਸ ਇੰਸਟੀਚਿਊਟ ਪਰਿਯੋਜਨਾ 'ਤੇ ਚੀਨ-ਭਾਰਤ ਸਹਿਯੋਗ ਦਸ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਚੱਲਿਆ ਆ ਰਿਹਾ ਹੈ।

Posted By: Harjinder Sodhi