ਨਵੀਂ ਦਿੱਲੀ (ਏਐੱਨਆਈ) : ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇਕ ਤਰ੍ਹਾਂ ਉਹ ਲੱਦਾਖ 'ਚ ਐੱਲਏਸੀ 'ਤੇ ਟਕਰਾਅ ਵਾਲੇ ਸਾਰੇ ਬਿੰਦੂਆਂ ਤੋਂ ਫੌਜੀਆਂ ਦੀ ਵਾਪਸੀ ਨੂੰ ਲੈ ਕੇ ਭਾਰਤ ਨਾਲ ਗੱਲਬਾਤ ਕਰ ਰਿਹਾ ਹੈ, ਉਥੇ ਦੂਜੇ ਪਾਸੇ ਪੂਰਬੀ ਲੱਦਾਖ ਦੇ ਨਾਲ ਲੱਗਦੇ ਸ਼ਿੰਜਿਆਂਗ ਸੂਬੇ ਦੇ ਸ਼ਾਕਚੇ ਸ਼ਹਿਰ 'ਚ ਲੜਾਕੂ ਜਹਾਜ਼ਾਂ ਲਈ ਏਅਰਬੇਸ ਵੀ ਵਿਕਸਤ ਕਰ ਰਿਹਾ ਹੈ।

ਸਰਕਾਰੀ ਸੂਤਰਾਂ ਨੇ ਕਿਹਾ ਕਿ ਚੀਨ ਇਹ ਨਵਾਂ ਏਅਰਬੇਸ ਪਹਿਲਾਂ ਤੋਂ ਕਾਸ਼ਗਰ ਤੇ ਹੋਗਾਨ 'ਚ ਮੌਜੂਦ ਏਅਰਬੇਸ 'ਚ ਵਿਕਸਤ ਕਰ ਰਿਹਾ ਹੈ। ਹਾਲੇ ਤਕ ਇਨ੍ਹਾਂ ਦੋਵੇਂ ਏਅਰਬੇਸ ਤੋਂ ਹੀ ਚੀਨ ਭਾਰਤੀ ਸਰਹੱਦ ਨੇੜੇ ਆਪਣੀਆਂ ਹਰਕਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਇਸ ਨਵੇਂ ਏਅਰਬੇਸ ਦੇ ਬਣ ਜਾਣ ਤੋਂ ਬਾਅਦ ਇਸ ਖੇਤਰ ਵਿਚ ਉਸ ਦੇ ਲੜਾਕੂ ਜਹਾਜ਼ਾਂ ਦੀ ਮੌਜੂਦਗੀ ਹੋਰ ਵਧ ਜਾਵੇਗੀ। ਪਹਿਲਾਂ ਭਾਰਤੀ ਸਰਹੱਦ ਤੋਂ ਚੀਨ ਦੇ ਸਭ ਤੋਂ ਨੇੜਲੇ ਏਅਰਬੇਸ ਦੀ ਦੂਰੀ ਲਗਪਗ 400 ਕਿਲੋਮੀਟਰ ਸੀ।

ਸੂਤਰਾਂ ਨੇ ਕਿਹਾ ਕਿ ਸ਼ਾਕਚੇ ਸ਼ਹਿਰ 'ਚ ਪਹਿਲਾਂ ਤੋਂ ਹੀ ਇਕ ਏਅਰਬੇਸ ਹੈ ਅਤੇ ਉਸ ਨੂੰ ਹੀ ਹੋਰ ਵਿਕਸਤ ਕੀਤਾ ਜਾ ਰਿਹਾ ਹੈ। ਇਸ ਏਅਰਬੇਸ 'ਤੇ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ, ਇਸ ਲਈ ਜਲਦ ਹੀ ਇਥੋਂ ਲੜਾਕੂ ਜਹਾਜ਼ਾਂ ਦਾ ਸੰਚਾਲਨ ਵੀ ਸ਼ੁਰੂ ਹੋ ਸਕਦਾ ਹੈ।

ਚੀਨ ਦੀਆਂ ਹਰਕਤਾਂ 'ਤੇ ਨਜ਼ਰ

ਭਾਰਤੀ ਏਜੰਸੀਆਂ ਚੀਨ ਦੀਆਂ ਹਰਕਤਾਂ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਬਾਰਾਹੋਤੀ ਦੇ ਨੇੜੇ ਹੀ ਵੱਡੀ ਗਿਣਤੀ ਵਿਚ ਮਨੁੱਖ ਰਹਿਤ ਏਰੀਅਲ ਵਹੀਕਲਜ਼ ਯਾਨੀ ਯੂਏਵੀ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਯੂਏਵੀ ਸਰਹੱਦ ਨੇੜੇ ਲਗਾਤਾਰ ਮੰਡਰਾਉਂਦੇ ਨਜ਼ਰ ਆਉਂਦੇ ਹਨ।