ਪੰਜਾਬੀ ਜਾਗਰਣ ਟੀਮ, ਪਟਿਆਲਾ/ਜ਼ੀਰਕਪੁਰ : ਲਾਕਡਾਊਨ ਕਾਰਨ ਬੰਦ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਛੱਤਬੀੜ ਚਿੜੀਆਘਰ ਵਿਚ ਤਿੰਨ ਮਹੀਨਿਆਂ ਵਿਚ ਚਾਰ ਜਾਨਵਰਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਬੰਗਾਲ ਟਾਈਗਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬੰਗਾਲ ਟਾਈਗਰ ਲੱਕੀ ਨੇ ਕੋਰੋਨਾ ਕਾਰਨ 23 ਮਾਰਚ ਨੂੰ ਲੱਗੇ ਕਰਫਿਊ ਦੇ ਕਰੀਬ ਦਸ ਦਿਨ ਬਾਅਦ ਦੁਨੀਆ ਨੂੰ ਅਲਵਿਦਾ ਕਿਹਾ ਜਦਕਿ ਕਰਫਿਊ ਦੇ ਅਗਲੇ ਹੀ ਦਿਨ ਪੰਜ ਦਿਨ ਦੇ ਚਿੱਟੇ ਟਾਈਗਰ ਦੇ ਬੱਚੇ ਦੀ ਮੌਤ ਹੋ ਗਈ। ਇਕ ਮਾਦਾ ਮਗਰਮੱਛ ਦੀ 28 ਜੂਨ ਤੇ 29 ਜੂਨ ਨੂੰ ਇਕ ਸ਼ੁਤਰਮੁਰਗ਼ ਦੀ ਮੌਤ ਹੋ ਗਈ।

ਇਨ੍ਹਾਂ ਦੋਵਾਂ ਦੀ ਮੌਤ ਨੂੰ ਲੁਕਾਈ ਰੱਖਿਆ ਗਿਆ। ਹਾਲਾਂਕਿ ਸਾਰਿਆਂ ਦਾ ਪੋਸਟਮਾਰਟਮ ਛੱਤਬੀੜ ਚਿੜੀਆਘਰ ਵਿਚ ਹੀ ਕਰਵਾਇਆ ਗਿਆ ਹੈ। ਚੀਫ ਕੰਜ਼ਰਵੇਟਰ ਫਾਰੈਸਟ ਬਸੰਤ ਕੁਮਾਰ ਨੇ ਕਿਹਾ ਕਿ ਬੰਗਾਲ ਟਾਈਗਰ ਦੀ ਮੌਤ ਦਿਲ ਤੇ ਗੁਰਦੇ ਫੇਲ੍ਹ ਹੋਣ ਕਾਰਨ ਹੋਈ ਹੈ। ਕਿਸੇ ਵੀ ਜੀਵ ਦੀ ਮੌਤ ਦਾ ਕਾਰਨ ਗੰਭੀਰ ਨਹੀਂ ਹੈ। ਪੋਸਟਮਾਰਟਮ ਰਿਪੋਰਟ ਵਿਚ ਸਾਰਿਆਂ ਦੀ ਮੌਤ ਦਾ ਕਾਰਨ ਕੁਦਰਤੀ ਦੱਸਿਆ ਗਿਆ ਹੈ। ਫਿਲਹਾਲ ਮਾਮਲੇ ਦੀ ਪੜਤਾਲ ਚੱਲ ਰਹੀ ਹੈ। ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਸਹਾਰਨਪੁਰ ਤੋਂ ਆਉਂਦੀ ਹੈ ਜਾਨਵਰਾਂ ਲਈ ਖ਼ੁਰਾਕ

ਬਨੂੜ ਸਥਿਤ ਛੱਤਬੀੜ ਚਿੜੀਆਘਾਰ ਕੋਰੋਨਾ ਕਾਰਨ 23 ਮਾਰਚ ਨੂੰ ਲਾਏ ਗਏ ਕਰਫਿਊ ਪਿੱਛੋਂ ਹੀ ਬੰਦ ਹੈ। ਇੱਥੇ ਜੀਵਾਂ ਲਈ ਸਹਾਰਨਪੁਰ ਤੋਂ ਖ਼ੁਰਾਕ ਆਉਂਦੀ ਸੀ। ਚਾਰ ਜਾਨਵਰਾਂ ਦੀ ਮੌਤ ਤੋਂ ਬਾਅਦ ਚਰਚਾ ਹੈ ਕਿ ਖ਼ੁਰਾਕ ਦੀ ਸਪਲਾਈ ਪੂਰੀ ਨਾ ਆਉਣ ਕਾਰਨ ਵਣ ਜੀਵਾਂ ਦੀ ਮੌਤ ਹੋਈ ਹੈ ਪਰ ਅਧਿਕਾਰੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖ਼ੁਰਾਕ ਸਬੰਧੀ ਕੋਈ ਸਮੱਸਿਆ ਨਹੀਂ ਆਈ। ਚਿੜੀਆਘਰ 'ਚ ਹੁਣ ਵੀ ਤਿੰਨ ਸ਼ੇਰਾਂ ਦੇ ਬੱਚੇ, ਪੰਜ ਸ਼ੁਤਰਮੁਰਗ਼, ਤਿੰਨ ਮਗਰਮੱਛ ਤੇ ਹੋਰ ਜਾਨਵਰ ਮੌਜੂਦ ਹਨ।

ਬੋਰਡ ਤੋਂ ਕਰਵਾਇਆ ਸੀ ਟਾਈਗਰ ਦਾ ਪੋਸਟਮਾਰਟਮ

ਛੱਤਬੀੜ ਚਿੜੀਆਘਰ ਵਿਚ ਕਈ ਡਾਕਟਰ ਤਾਇਨਾਤ ਕੀਤੇ ਗਏ ਹਨ ਪਰ ਸ਼ਡਿਊਲ ਵਣ ਜੀਵ ਹੋਣ ਕਾਰਨ ਸ਼ੇਰ ਦੇ ਬੱਚੇ ਤੇ ਟਾਈਗਰ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਦੇ ਬੋਰਡ ਤੋਂ ਕਰਵਾਇਆ ਗਿਆ ਸੀ। ਇਸ ਬੋਰਡ ਵਿਚ ਇਕ ਡਾਕਟਰ ਮਹਿਕਮੇ ਤੋਂ ਬਾਹਰ ਦਾ ਵੈਟਰਨਰੀ ਡਾਕਟਰ ਹੁੰਦਾ ਹੈ। ਸ਼ੁਤਰਮੁਰਗ਼ ਤੇ ਮਗਰਮੱਛ ਦਾ ਪੋਸਟਮਾਰਟਮ ਚਿੜੀਆ ਘਰ ਦੇ ਡਾਕਟਰਾਂ ਨੇ ਹੀ ਕੀਤਾ ਹੈ।