ਨਵੀਂ ਦਿੱਲੀ (ਪੀਟੀਆਈ) : ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਗ਼ਰੀਬਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਹ ਯੋਜਨਾ ਪਿੰਡਾਂ ਦੇ ਗ਼ਰੀਬ ਪਰਿਵਾਰਾਂ ਨੂੰ ਧੂੰਏਂ ਤੋਂ ਨਿਜਾਤ ਦਿਵਾਉਣ ਦੇ ਨਾਲ ਹੀ ਦਮਾ-ਖਾਂਸੀ ਦੇ ਮਾਮਲਿਆਂ ਵਿਚ 20 ਫ਼ੀਸਦੀ ਤਕ ਕਮੀ ਲਿਆਉਣ ਵਿਚ ਵੀ ਸਫਲ ਰਹੀ ਹੈ। ਗ਼ਰੀਬ ਔਰਤਾਂ ਚੁੱਲ੍ਹੇ ਦੇ ਧੂੰਏਂ ਨਾਲ ਸਭ ਤੋਂ ਜ਼ਿਆਦਾ ਦਮਾ-ਖਾਂਸੀ ਨਾਲ ਪੀੜਤ ਹਨ।

ਲੋਕ ਸਭਾ 'ਚ ਇਕ ਪੂਰਕ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਲਈ ਉੱਜਵਲਾ ਯੋਜਨਾ ਵਰਦਾਨ ਸਾਬਤ ਹੋ ਰਹੀ ਹੈ। ਇਸ ਨਾਲ ਔਰਤਾਂ ਦੀ ਸਿਹਤ ਦੇ ਨਾਲ-ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿਚ ਵੀ ਸੁਧਾਰ ਹੋਇਆ ਹੈ। ਇਹ 27 ਫ਼ੀਸਦੀ ਗ਼ਰੀਬਾਂ ਨੂੰ ਬੀਪੀਐੱਲ ਸ਼੍ਰੇਣੀ ਤੋਂ ਉੱਪਰ ਲਿਆਉਣ ਵਿਚ ਵੀ ਮਦਦਗਾਰ ਸਾਬਤ ਹੋਈ ਹੈ।

ਉਨ੍ਹਾਂ ਕਿਹਾ ਕਿ ਇੰਡੀਅਨ ਚੈਸਟ ਸੁਸਾਇਟੀ ਅਤੇ ਇੰਡੀਅਨ ਚੈਸਟ ਰਿਸਰਚ ਫਾਊਂਡੇਸ਼ਨ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਉੱਜਵਲਾ ਦੀ ਵਜ੍ਹਾ ਨਾਲ ਔਰਤਾਂ ਦੇ ਦਮਾ-ਖਾਂਸੀ ਦੇ ਮਾਮਲਿਆਂ ਵਿਚ 20 ਫ਼ੀਸਦੀ ਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਦਾ ਸਭ ਤੋਂ ਸੰਤੋਸ਼ਜਨਕ ਪਹਿਲੂ ਹੈ। ਜ਼ਿਕਰਯੋਗ ਹੈ ਕਿ ਉੱਜਵਲਾ ਨੂੰ ਸਰਕਾਰ ਨੇ ਮਈ 2016 ਵਿਚ ਲਾਂਚ ਕੀਤਾ ਸੀ। ਇਸ ਦਾ ਉਦੇਸ਼ ਗ਼ਰੀਬ ਔਰਤਾਂ ਨੂੰ ਮੁਫ਼ਤ ਐੱਲਪੀਜੀ ਕੁਨੈਕਸ਼ਨ ਪ੍ਰਦਾਨ ਕਰਨਾ ਸੀ। ਤਿੰਨ ਸਾਲ 'ਚ ਸਰਕਾਰ ਦਾ ਟੀਚਾ ਲਗਪਗ 5 ਕਰੋੜ ਗ਼ਰੀਬ ਔਰਤਾਂ ਨੂੰ ਐੱਲਪੀਜੀ ਕੁਨੈਕਸ਼ਨ ਪ੍ਰਦਾਨ ਕਰਨਾ ਸੀ। ਪ੍ਰਧਾਨ ਨੇ ਕਿਹਾ ਕਿ ਇਸ ਯੋਜਨਾ ਤਹਿਤ ਦੇਸ਼ ਭਰ ਵਿਚ ਸਰਕਾਰ ਨੇ ਹੁਣ ਤਕ 7.34 ਕਰੋੜ ਐੱਲਪੀਜੀ ਕੁਨੈਕਸ਼ਨ ਪ੍ਰਦਾਨ ਕੀਤੇ ਹਨ। ਇਕੱਲੇ ਉੱਤਰ ਪ੍ਰਦੇਸ਼ ਵਿਚ 1.34 ਕਰੋੜ ਐੱਲਪੀਜੀ ਕੁਨੈਕਸ਼ਨ ਵੰਡੇ ਗਏ ਹਨ।

ਉਨ੍ਹਾਂ ਦੱਸਿਆ ਕਿ 86 ਫ਼ੀਸਦੀ ਉੱਜਵਲਾ ਦੇ ਲਾਭਪਾਤਰੀਆਂ ਨੇ ਆਪਣਾ ਪਹਿਲਾ ਸਿਲੰਡਰ ਇਸਤੇਮਾਲ ਕਰਨ ਤੋਂ ਬਾਅਦ ਵਾਪਸ ਕਰ ਕੇ ਦੂਜਾ ਭਰਿਆ ਸਿਲੰਡਰ ਖ਼ਰੀਦਿਆ। ਦੂਜਾ ਸਿਲੰਡਰ ਲੈਣ 'ਤੇ ਸਬਸਿਡੀ ਲਾਭਪਾਤਰੀਆਂ ਦੇ ਖਾਤੇ ਵਿਚ ਪਾ ਦਿੱਤੀ ਗਈ। ਪ੍ਰਧਾਨ ਨੇ ਦੱਸਿਆ ਕਿ ਖਪਤਕਾਰਾਂ ਨੂੰ ਬਿਹਤਰ ਸਹੂਲਤ ਦੇਣ ਲਈ ਪੰਜ ਸਾਲਾਂ ਵਿਚ ਦੇਸ਼ ਭਰ ਵਿਚ 9,000 ਤੋਂ ਜ਼ਿਆਦਾ ਐੱਲਪੀਜੀ ਵੰਡ ਕੇਂਦਰ ਖੋਲ੍ਹੇ ਗਏ ਹਨ।