ਮੁੰਬਈ (ਆਈਏਐੱਨਐੱਸ) : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 150 ਕਰੋੜ ਰੁਪਏ ਦੇ ਬੈਂਕ ਜਾਅਲਸਾਜ਼ੀ ਨਾਲ ਸਬੰਧਤ ਤਿੰਨ ਵੱਖ-ਵੱਖ ਮਾਮਲਿਆਂ ਵਿਰੁੱਧ ਵਿਸ਼ੇਸ਼ ਅਦਾਲਤ 'ਚ 45 ਵਿਅਕਤੀਆਂ, ਬੈਂਕ ਅਧਿਕਾਰੀਆਂ ਤੇ ਕੰਪਨੀਆਂ ਖ਼ਿਲਾਫ਼ ਦੋਸ਼ ਪੱਤਰ ਦਾਖਲ ਕੀਤਾ ਹੈ। ਮੁਲਜ਼ਮਾਂ 'ਚ ਯੂਨੀਅਨ ਬੈਂਕ ਦੇ ਸੀਨੀਅਰ ਅਧਿਕਾਰੀ, ਨਿੱਜੀ ਕੰਪਨੀਆਂ ਤੇ ਉਨ੍ਹਾਂ ਦੇ ਸਿਖਰਲੇ ਡਾਇਰੈਕਟਰ, ਵਿੱਤੀ ਕੰਸਲਟੈਂਟ ਤੇ ਹੋਰ ਸ਼ਾਮਲ ਹਨ। ਯੂਨੀਅਨ ਬੈਂਕ ਦੀ ਸ਼ਿਕਾਇਤ 'ਤੇ ਸੀਬੀਆਈ ਨੇ ਜੂਨ 2019 ਤੇ ਉਸ ਤੋਂ ਬਾਅਦ ਮਾਰਚ 20 'ਚ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਸਨ। ਮੁਲਾਜ਼ਮ ਤੇ ਕੰਪਨੀਆਂ ਨੇ ਬੈੇਂਕ ਅਧਿਕਾਰੀਆਂ ਨਾਲ ਮਿਲੀਭਗਤ ਕਰ ਕੇ ਵੱਡੇ ਪੈਮਾਨੇ 'ਤੇ ਜਾਅਲਸਾਜ਼ੀ ਕੀਤੀ ਸੀ। ਯੂਨੀਅਨ ਬੈਂਕ ਦੇ ਅਧਿਕਾਰੀਆਂ ਨਾਲ ਰਲ ਕੇ ਨਿੱਜੀ ਕੰਪਨੀਆਂ ਤੋਂ ਕਰਜ਼ਾ ਲੈਣ ਵਾਲਿਆਂ ਨੇ ਇਸ ਜਾਅਲਸਾਜ਼ੀ ਨੂੰ ਅੰਜਾਮ ਦਿੱਤਾ ਸੀ। ਪ੍ਰਕਿਰਿਆ, ਸਮੀਖਿਆ, ਮੁਲਾਂਕਣ, ਅੰਦਰੂਨੀ ਰੇਟਿੰਗ, ਸਮੱਰਥ ਅਧਿਕਾਰੀ ਨਾਲ ਨਿਯਮਿਤ ਮਨਜ਼ੂਰੀ ਲਏ ਬਗ਼ੈਰ ਤੇ ਉੱਚ ਬੰਧਕ ਦੇ ਬਿਨਾਂ ਹੀ ਲੈਟਰਜ਼ ਆਫ ਕ੍ਰੇਡਿਟ ਲੈ ਲਿਆ ਗਿਆ ਸੀ।

ਪਹਿਲੀ ਸ਼ਿਕਾਇਤ ਤੋਂ ਬਾਅਦ 57 ਕਰੋੜ ਦੀ ਜਾਅਲਸਾਜ਼ੀ ਲਈ 13 ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਸੌਂਪਿਆ ਗਿਆ, 50 ਕਰੋੜ ਰੁਪਏ ਦੀ ਜਾਅਲਸਾਜ਼ੀ ਨਾਲ ਸਬੰਧਤ ਦੂਜੀ ਸ਼ਿਕਾਇਤ 'ਚ 16 ਖ਼ਿਲਾਫ਼ ਤੇ ਕਰੀਬ 50 ਕਰੋੜ ਰੁਪਏ ਦੀ ਜਾਅਲਸਾਜ਼ੀ ਨਾਲ ਸਬੰਧਤ ਤੀਜੀ ਸ਼ਿਕਾਇਤ 'ਚ ਵੀ 16 ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਸੌਂਪਿਆ ਗਿਆ ਹੈ।