ਨਵੀਂ ਦਿੱਲੀ (ਪੀਟੀਆਈ) : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਗੁਜਰਾਤ ’ਚ 237 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ’ਚ ਛੇ ਪਾਕਿਸਤਾਨੀਆਂ ਸਮੇਤ ਸੱਤ ਲੋਕਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ। ਇਹ ਦੋਸ਼ ਪੱਤਰ ਸ਼ੁੱਕਰਵਾਰ ਨੂੰ ਅਹਿਮਦਾਬਾਦ ਸਥਿਤ ਵਿਸ਼ੇਸ਼ ਐੱਨਆਈਏ ਕੋਰਟ ’ਚ ਦਾਇਰ ਕੀਤਾ ਗਿਆ। ਇਨ੍ਹਾਂ ਸਾਰੇ ਦੋਸ਼ੀਆਂ ਖ਼ਿਲਾਫ਼ ਗ਼ੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਕਾਨੂੰਨ ਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰਾਪਿਕ ਸਬਸਟਾਂਸੈੱਸ (ਐੱਨਡੀਪੀਐੱਸ) ਐਕਟ ਤਹਿਤ ਕੇਸ ਦਰਜ ਹਨ।

ਐੱਨਆਈਏ ਦੇ ਬੁਲਾਰੇ ਮੁਤਾਬਕ ਦੋਸ਼ੀਆਂ ’ਚ ਕਰਾਚੀ (ਪਾਕਿਸਤਾਨ ਦੇ ਸਫਦਰ ਅਲੀ, ਅਲਾਹੀ ਦਾਦ ਅੰਗਿਆਰਾ, ਅਜ਼ੀਮ ਖ਼ਾਨ, ਅਬਦੁੱਲ ਅਜ਼ੀਜ਼, ਅਬਦੁੱਲ ਗਫੂਰ, ਮੁਹੰਮਦ ਮਲਾਹ ਤੇ ਭਾਰਤੀ ਨਾਗਰਿਕ ਗੁਜਰਾਤ ਦੇ ਦਵਾਰਕਾ ਵਾਸੀ ਰਾਮਝਨ ਸ਼ਾਮਲ ਹਨ। ਮਾਮਲਾ ਕੱਛ ’ਚ ਝਕਾਓ ਪੋਰਟ ਨੇੜੇ ਪਾਕਿਸਤਾਨੀ ਜਹਾਜ਼ ਅਲ-ਮਦੀਨਾ ’ਚੋਂ 237 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਹੈ।

ਗਿ੍ਰਫ਼ਤਾਰ ਦੋਸ਼ੀਆਂ ਨੇ ਕੁੱਲ 330 ਕਿਲੋਗ੍ਰਾਮ ਨਸ਼ੀਲਾ ਪਦਾਰਥ ਲਿਆਉਣ ਦੀ ਸਾਜ਼ਿਸ਼ ਰਚੀ ਸੀ ਪਰ ਭਾਰਤੀ ਤੱਟ ਰੱਖਿਅਕਾਂ ਨੇ 21 ਮਈ, 2019 ਨੂੁੰ ਉਨ੍ਹਾਂ ਨੂੰ ਫੜ ਲਿਆ ਸੀ ਤੇ ਉਨ੍ਹਾਂ ਕੋਲੋਂ 237 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਤੋਂ ਇਲਾਵਾ ਕਈ ਇਤਰਾਜ਼ਯੋਗ ਸਾਮਾਨ ਤੇ ਪਾਕਿਸਤਾਨੀ ਕਰੰਸੀ ਨੋਟ ਮਿਲੇ ਸਨ। ਇਸ ਮਾਮਲੇ ’ਚ ਨੌਂ ਫ਼ਰਾਰ ਪਾਕਿਸਤਾਨੀਆਂ ਖ਼ਿਲਾਫ਼ ਜਾਂਚ ਜਾਰੀ ਹੈ।

Posted By: Susheel Khanna