ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਨੀਰਵ ਮੋਦੀ ਮਾਮਲੇ 'ਚ ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਉਪ-ਪ੍ਰਬੰਧਕ ਗੋਕੁਲ ਨਾਥ ਸ਼ੈੱਟੀ ਤੇ ਉਸ ਦੀ ਪਤਨੀ ਖ਼ਿਲਾਫ਼ ਆਮਦਨ ਤੋਂ ਵੱਧ 2.63 ਕਰੋੜ ਰੁਪਏ ਦੀ ਜਾਇਦਾਦ ਜਮ੍ਹਾਂ ਕਰਵਾਉਣ ਦੇ ਮਾਮਲੇ 'ਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਸ਼ੈੱਟੀ 'ਤੇ 13,000 ਕਰੋੜ ਰੁਪਏ ਤੋਂ ਵੱਧ ਦੇ ਪੀਐੱਨਬੀ ਘੋਟਾਲੇ 'ਚ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀ ਮਦਦ ਕਰਨ ਦਾ ਦੋਸ਼ ਹੈ।

ਸੀਬੀਆਈ ਨੇ ਸ਼ੈੱਟੀ ਤੇ ਇੰਡੀਅਨ ਬੈਂਕ ਦੇ ਕਲਰਕ ਉਸ ਦੀ ਪਤਨੀ ਆਸ਼ਾ ਲਤਾ ਸ਼ੈੱਟੀ ਨੂੰ 2011-17 ਦੌਰਾਨ 4.28 ਕਰੋੜ ਰੁਪਏ ਦੀ ਜਾਇਦਾਦ ਜਮ੍ਹਾਂ ਕਰਵਾਉਣ ਦੇ ਮਾਮਲੇ 'ਚ ਭਿ੍ਸ਼ਟਾਚਾਰ ਤਹਿਤ ਦੋਸ਼ੀ ਬਣਾਇਆ ਹੈ। ਇਸ ਦੌਰਾਨ ਸ਼ੈੱਟੀ ਮੁੰਬਈ 'ਚ ਪੀਐੱਨਬੀ ਦੇ ਬ੍ਰੈਡੀ ਹਾਊਸ ਬ੍ਰਾਂਚ 'ਚ ਉਪ-ਪ੍ਰਬੰਧਕ ਸੀ, ਜਿੱਥੋਂ ਮੋਦੀ-ਚੋਕਸੀ ਨੂੰ 13,700 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਸੀ। ਏਜੰਸੀ ਸ਼ੈੱਟੀ ਤੇ ਮੋਦੀ-ਚੋਕਸੀ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ।

ਏਜੰਸੀ ਮੁਤਾਬਕ ਕੁੱਲ ਜਾਇਦਾਦ 'ਚ 2.63 ਕਰੋੜ ਰੁਪਏ ਦੇ ਸ੍ਰੋਤ ਬਾਰੇ ਸ਼ੈੱਟੀ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ। ਇਹ ਰਕਮ ਉਨ੍ਹਾਂ ਦੀ ਆਮਦਨ ਦੇ ਸਾਰੇ ਸ੍ਰੋਤਾਂ ਤੋਂ 2.38 ਗੁਣਾ ਜ਼ਿਆਦਾ ਸੀ। ਸ਼ੈੱਟੀ ਤੇ ਉਸ ਦੀ ਪਤਨੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਨਵੰਬਰ, 2018 'ਚ ਵੱਖਰਾ ਕੇਸ ਦਰਜ ਕੀਤਾ ਸੀ। ਏਜੰਸੀ ਮੁਤਾਬਕ ਉਕਤ ਛੇ ਸਾਲਾਂ ਦੌਰਾਨ ਸ਼ੈੱਟੀ ਜੋੜੇ ਦੀ ਕੁੱਲ ਆਮਦਨ 72.52 ਲੱਖ ਰੁਪਏ ਸੀ, ਜਦੋਂਕਿ ਉਨ੍ਹਆਂ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਂ 'ਤੇ ਮੁੰਬਈ 'ਚ ਫਲੈਟ ਖ਼ਰੀਦੇ।

ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਹਾਲ ਹੀ 'ਚ ਦਾਖ਼ਲ ਦੋਸ਼ ਪੱਤਰ 'ਚ ਸੀਬੀਆਈ ਨੇ ਕਿਹਾ ਕਿ ਸ਼ੈੱਟੀ ਜੋੜੇ ਨੇ ਮੁੰਬਈ ਦੇ ਗੋਰੇਗਾਓਂ 'ਚ 46.62 ਲੱਖ ਰੁਪਏ ਦਾ ਇਕ ਫਲੈਟ ਖਰੀਦਿਆ। ਇਸ ਦੇ ਨਾਲ ਹੀ ਮੁੰਬਈ ਤੇ ਉਸ ਦੇ ਆਸਪਾਸ ਦੇ ਇਲਾਕਿਆਂ 'ਚ ਤਿੰਨ ਹੋਰ ਫਲੈਟ ਬੁੱਕ ਕਰਵਾਏ ਤੇ ਉਸ ਲਈ ਐਡਵਾਂਸ ਭੁਗਤਾਨ ਕੀਤਾ। ਏਜੰਸੀ ਨੇ ਇਨ੍ਹਾਂ ਦੇ ਬੈਂਕ ਖਾਤਿਆਂ, ਫਿਕਸ ਡਿਪਾਜ਼ਿਟ ਤੇ ਬੈਂਕ ਖਾਤਿਆਂ 'ਚ 75 ਲੱਖ ਰੁਪਏ ਜਮ੍ਹਾਂ ਹੋਣ ਦਾ ਪਤਾ ਲਗਾਇਆ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਏਜੰਸੀ ਨੇ ਕਿਹਾ ਕਿ ਸ਼ੈੱਟੀ ਜੋੜੇ ਨੇ 2011-17 ਦੌਰਾਨ ਆਪਣੀ ਆਮਦਨ ਤੋਂ 2.63 ਕਰੋੜ ਰੁਪਏ ਤੋਂ ਵੱਧ ਜਾਇਦਾਦ ਬਣਾਈ।

ਸੀਬੀਆਈ ਮੋਦੀ ਤੇ ਚੌਕਸੀ ਖ਼ਿਲਾਫ਼ ਪਹਿਲਾਂ ਹੀ ਦੋਸ਼ ਪੱਤਰ ਦਾਖ਼ਲ ਕਰ ਚੁੱਕੀ ਹੈ ਜਿਸ 'ਚ ਸ਼ੈੱਟੀ ਦੀ ਭੂਮਿਕਾ ਨੂੰ ਸਪੱਸ਼ਟ ਕੀਤਾ ਗਿਆ ਹੈ। ਸ਼ੈੱਟੀ ਫਿਲਹਾਲ ਨਿਆਇਕ ਹਿਰਾਸਤ 'ਚ ਹੈ ਉਸ ਨੂੰ ਮਾਰਚ, 2018 'ਚ ਗਿ੍ਫ਼ਤਾਰ ਕੀਤਾ ਗਿਆ ਸੀ। ਸ਼ੈੱਟੀ 2017 'ਚ ਰਿਟਾਇਰ ਹੋਇਆ ਸੀ ਤੇ ਉਸ ਤੋਂ ਬਾਅਦ ਇਸ ਘੋਟਾਲੇ ਦਾ ਪਤਾ ਲੱਗਾ ਸੀ। ਇਸ ਮਾਮਲੇ 'ਚ ਮੁੱਖ ਦੋਸ਼ੀ ਮੋਦੀ ਤੇ ਚੋਕਸੀ ਨੂੰ ਭਗੌੜਾ ਅਪਰਾਧੀ ਐਲਾਨਿਆ ਗਿਆ ਹੈ। ਮੋਦੀ ਬਰਤਾਨੀਆ ਦੀ ਜੇਲ੍ਹ 'ਚ ਬੰਦ ਹੈ, ਜਦੋਂਕਿ ਚੋਕਸੀ ਵੀ ਵਿਦੇਸ਼ 'ਚ ਰਹਿ ਰਿਹਾ ਹੈ।