ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਦੰਗਿਆਂ ਦੇ ਮਾਮਲੇ 'ਚ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੁੱਧਵਾਰ ਨੂੰ ਕੜਕੜਡੂਮਾ ਦੇ ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਦੀ ਅਦਾਲਤ 'ਚ 15 ਜਣਿਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਨ੍ਹਾਂ ਵਿਅਕਤੀਆਂ ਨੂੰ ਦੇਸ਼ਧ੍ਰੋਹ, ਦੰਗਾ ਕਰਨ ਤੇ ਹੱਤਿਆ ਸਮੇਤ 23 ਤੋਂ ਜ਼ਿਆਦਾ ਸੰਗੀਨ ਧਾਰਾਵਾਂ 'ਚ ਮੁਲਜ਼ਮ ਬਣਾਇਆ ਹੈ। ਇਨ੍ਹਾਂ ਖ਼ਿਲਾਫ਼ ਪੁਖਤਾ ਸਬੂਤ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਚਾਰਜਸ਼ੀਟ 'ਚ ਦੱਸਿਆ ਗਿਆ ਹੈ ਕਿ 24 ਫਰਵਰੀ ਨੂੰ ਵਿਸ਼ੇਸ਼ ਤੌਰ 'ਤੇ ਦੰਗਿਆਂ ਲਈ ਹੀ 25 ਵਟ੍ਹਸਐਪ ਗਰੁੱਪ ਬਣਾਏ ਗਏ ਸਨ। ਉੱਤਰ-ਪੂਰਬੀ ਦਿੱਲੀ 'ਚ 25 ਥਾਵਾਂ 'ਤੇ ਯੋਜਨਾਬੱਧ ਤਰੀਕੇ ਨਾਲ ਧਰਨੇ ਦਿੱਤੇ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਮੌਕੇ ਦੰਗੇ ਕਰਵਾਉਣ ਦੀ ਸਾਜ਼ਿਸ਼ ਮੁੱਖ ਤੌਰ 'ਤੇ ਉਮਰ ਖਾਲਿਦ, ਤਾਹਿਰ ਹੁਸੈਨ ਤੇ ਖਾਲਿਦ ਸੈਫ਼ੀ ਨੇ ਰਚੀ ਸੀ। ਖਾਲਿਦ ਨੇ ਸਾਰਿਆਂ ਨੂੰ ਭਰੋਸਾ ਸੀ ਕਿ ਪੀਐੱਫਆਈ ਜ਼ਰੀਏ ਪੂਰੀ ਫੰਡਿੰਗ ਕੀਤੀ ਜਾਵੇਗੀ। ਕੁੱਲ 17 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ 'ਚ 747 ਗਵਾਹ ਬਣਾਏ ਗਏ ਹਨ।

ਪਹਿਲੇ ਪੜਾਅ ਦੀ ਜਾਂਚ ਕਰਨ 'ਚ ਸੈੱਲ ਨੂੰ 195 ਦਿਨ ਲੱਗੇ। ਜਿਨ੍ਹਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ, ਉਨ੍ਹਾਂ 'ਚ ਇੰਡੀਆ ਅਗੇਂਸਟ ਹੇਟ ਦੇ ਕਨਵੀਨਰ ਖਾਲਿਦ ਸੈਫ਼ੀ, ਇਸ਼ਰਤ ਜਹਾਂ, ਮੀਰਾਨ ਹੈਦਰ, ਤਾਹਿਰ ਹੁਸੈਨ, ਗੁਲਫਿਸ਼ਾ, ਸਫੂਰਾ ਜਰਗਰ, ਸ਼ਫ ਉਰ ਰਹਿਮਾਨ, ਆਸਿਫ਼ ਇਕਬਾਲ ਤਨਹਾ, ਸ਼ਾਦਾਬ ਅਹਿਮਦ, ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ, ਤਸਲੀਮ ਅਹਿਮਦ, ਸਲੀਮ ਮਲਿਕ, ਮੁਹੰਮਦ ਸਲੀਮ ਖ਼ਾਨ ਤੇ ਅਥਰ ਖ਼ਾਨ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਦੰਗਿਆਂ 'ਚ 53 ਮੌਤਾਂ ਹੋਈਆਂ ਸਨ ਤੇ 583 ਲੋਕ ਜ਼ਖ਼ਮੀ ਹੋ ਗਏ ਸਨ।