ਨਵੀਂ ਦਿੱਲੀ : ਉੱਤਰਾਖੰਡ 'ਚ ਚਾਰਧਾਮ ਦੀ ਯਾਤਰਾ ਕਰਨ ਵਾਲਿਆਂ ਲਈ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਚਾਰਧਾਮ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਨੂੰ ਜੋੜਨ ਵਾਲੇ 12,000 ਕਰੋੜ ਰੁਪਏ ਦੇ ਚਾਰਧਾਮ ਮਹਾਮਾਰਗ ਵਿਕਾਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ 900 ਕਿਲੋਮੀਟਰ ਦੇ ਰਾਜਮਾਰਗਾਂ ਦੇ ਨਿਰਮਾਣ ਦੀਆਂ ਰੁਕਾਵਟਾਂ ਦੂਰ ਹੋ ਗਈਆਂ ਹਨ। ਇਸ ਰਾਜਮਾਰਗ ਦੇ ਬਣਨ ਨਾਲ ਉੱਤਰਾਖੰਡ ਦੇ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਆਪਸ ਵਿਚ ਜੁੜ ਜਾਣਗੇ ਅਤੇ ਸ਼ਰਧਾਲੂ ਹਰ ਮੌਸਮ ਵਿਚ ਯਾਨੀ ਸਾਲ ਭਰ ਇਨ੍ਹਾਂ ਚਾਰਾਂ ਧਾਮਾਂ ਦੀ ਯਾਤਰਾ ਕਰ ਸਕਣਗੇ। ਹਾਲੇ ਸਰਦੀ 'ਚ ਬਰਫ਼ਬਾਰੀ ਅਤੇ ਮਾਰਗ 'ਚ ਰੁਕਾਵਟ ਹੋਣ ਕਾਰਨ ਸ਼ਰਧਾਲੂ ਚਾਰਧਾਮਾਂ ਦੀ ਯਾਤਰਾ ਮਹਿਜ਼ ਤਿੰਨ-ਚਾਰ ਮਹੀਨਿਆਂ ਵਿਚ ਹੀ ਕਰ ਪਾਉਂਦੇ ਹਨ।

ਜਸਟਿਸ ਆਰਐੱਫ ਨਰੀਮਨ ਅਤੇ ਜਸਟਿਸ ਵਿਨੀਤ ਸਰਨ ਦੇ ਬੈਂਚ ਨੇ ਸ਼ੁੱਕਰਵਾਰ ਨੂੰ ਆਪਣੇ ਆਦੇਸ਼ ਵਿਚ ਕਿਹਾ ਕਿ ਚਾਰਧਾਮ ਮਹਾਮਾਰਗ ਵਿਕਾਸ ਪ੍ਰਾਜੈਕਟ ਤਹਿਤ ਚਾਰਾਂ ਧਾਮਾਂ ਨੂੰ ਜੋੜਨ ਵਾਲੇ ਰਾਜਮਾਰਗ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਨਾਲ ਹੀ ਬੈਂਚ ਨੇ ਕੇਂਦਰ ਸਰਕਾਰ ਨੂੰ ਨੈਸ਼ਨਲ ਗ੍ਰੀਨ ਟਿ੫ਬਿਊਨਲ (ਐੱਨਜੀਟੀ) ਵੱਲੋਂ ਪ੍ਰਾਜੈਕਟ ਨੂੰ ਹਰੀ ਝੰਡੀ ਦੇਣ ਦੇ ਸਬੰਧ ਵਿਚ ਇਕ ਸਹੁੰ ਪੱਤਰ ਵੀ ਦਾਖ਼ਲ ਕਰਨ ਲਈ ਕਿਹਾ। ਇਕ ਐੱਨਜੀਓ 'ਸਿਟੀਜ਼ਨ ਫਾਰ ਗ੍ਰੀਨ ਦੂਨ' ਦੀ ਸ਼ਿਕਾਇਤ 'ਤੇ ਐੱਨਜੀਟੀ ਨੇ ਇਸ ਪ੍ਰਾਜੈਕਟ 'ਤੇ ਨਜ਼ਰ ਰੱਖਣ ਲਈ ਬੀਤੀ 26 ਸਤੰਬਰ ਨੂੰ ਇਕ ਕਮੇਟੀ ਦਾ ਗਠਨ ਕੀਤਾ ਸੀ। ਐੱਨਜੀਓ ਵੱਲੋਂ ਪੇਸ਼ ਵਕੀਲ ਸੰਜੇ ਪਾਰਿਖ ਨੇ ਕਿਹਾ ਕਿ ਜੇਕਰ ਪ੍ਰਾਜੈਕਟ ਨੂੰ ਜਾਰੀ ਰਹਿਣ ਦਿੱਤਾ ਗਿਆ ਤਾਂ ਵਾਤਾਵਰਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ ਜਿਸ ਦੀ ਤੀਬਰਤਾ 10 ਪਣਬਿਜਲੀ ਪ੍ਰਾਜੈਕਟਾਂ ਜਿੰਨੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉੱਤਰਾਖੰਡ 'ਚ ਪਹਾੜ ਬਹੁਤ ਕਮਜ਼ੋਰ ਹੋ ਚੁੱਕੇ ਹਨ। ਜੇਕਰ ਵਾਤਾਵਰਨ ਸਬੰਧੀ ਚਿੰਤਾਵਾਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ 2013 ਵਿਚ ਹੋਈ ਕੇਦਾਰਨਾਥ ਦੀ ਤ੫ਾਸਦੀ ਵਰਗੀ ਆਫ਼ਤ ਮੁੜ ਆ ਸਕਦੀ ਹੈ।