ਨਵੀਂ ਦਿੱਲੀ : ਭਾਰਤ ਲਈ ਅੱਜ ਬੇਹੱਦ ਖਾਸ ਦਿਨ ਹੈ। ਭਾਰਤੀ ਪੁਲਾੜ ਖੋਜ ਸੰਗਠਨ (ISRO) ਪੁਲਾੜ 'ਚ ਇਤਿਹਾਸ ਰਚ ਦਿੱਤਾ ਹੈ। ਇਸਰੋ ਨੇ ਖਾਹਸ਼ੀ ਮਿਸ਼ਨ ਚੰਦਰਯਾਨ-2 (Chandrayaan-2) ਨੂੰ ਲੈ ਕੇ 'ਬਾਹੂਬਲੀ' ਰਾਕੇਟ(GSLV MK-3) ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕਰ ਦਿੱਤਾ ਹੈ। ਰਾਕੇਟ ਨੇ ਚੰਦਰਯਾਨ-2 ਨੂੰ ਪੁਲਾੜ ਦੇ ਪੰਧ 'ਚ ਪਹੁੰਚਾ ਦਿੱਤਾ ਹੈ। ਚੰਦਰਯਾਨ-2 ਦੀ ਲਾਂਚਿੰਗ ਸਬੰਧੀ ਸਤੀਸ਼ ਧਵਨ ਸਪੇਸ ਸੈਂਟਰ 'ਚ ਮੌਜੂਦ ਵਿਗਿਆਨੀਆਂ 'ਚ ਖ਼ੁਸ਼ੀ ਦੀ ਲਹਿਰ ਹੈ।

ਚੰਦਰਯਾਨ-2 ਦੀ ਸਫ਼ਲ ਲਾਂਚਿਗ ਤੋਂ ਬਾਅਦ ਇਸਰੋ ਦੇ ਚੀਫ਼ ਕੇ ਸਿਵਨ ਨੇ ਕਿਹਾ ਕਿ ਉਨ੍ਹਾਂ ਚੰਦਰਯਾਨ-2 ਦੀ ਤਕਨੀਕੀ ਖ਼ਰਾਬੀ ਦੂਰ ਕਰ ਇਸ ਮਿਸ਼ਨ ਨੂੰ ਪੁਲਾੜ 'ਚ ਭੇਜਿਆ। ਇਸ ਦੀ ਲਾਂਚਿੰਗ ਉਨ੍ਹਾਂ ਦੀ ਸੋਚ ਤੋਂ ਵੀ ਬਿਹਤਰ ਹੋਈ ਹੈ। ਚੰਦ ਵੱਲ ਭਾਰਤ ਦੀ ਇਤਿਹਾਸਿਕ ਯਾਤਰਾ ਦੀ ਸ਼ੁਰੂਆਤ ਹੋਈ। ਚੰਦਰਯਾਨ-2 ਚੰਦ ਦੇ ਦੱਖਣੀ ਧਰੁਵ 'ਤੇ ਉਤਰੇਗਾ। ਉਨ੍ਹਾਂ ਕਿਹਾ ਕਿ ਹਾਲੇ ਟਾਸਕ ਖ਼ਤਮ ਨਹੀਂ ਹੋਇਆ ਹੈ। ਉਨ੍ਹਾਂ ਨੂੰ ਅਗਲੇ ਮਿਸ਼ਨ 'ਤੇ ਲਗਣਾ ਹੈ।

ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਆਪਣੀ ਦੂਜੀ ਚੰਦਰ ਮੁਹਿੰਮ ਲਈ ਮੁੜ ਤਿਆਰੀ ਕਰ ਲਈ ਹੈ। ਸੋਮਵਾਰ ਦੁਪਹਿਰ 2 : 43 ਵਜੇ ਇਸਰੋ ਦਾ 'ਬਾਹੂਬਲੀ' ਰਾਕਟ ਚੰਦਰਯਾਨ-2 ਨੂੰ ਲੈ ਕੇ ਉਡਾਣ ਭਰੇਗਾ। ਆਂਧਰ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਹੋਣ ਵਾਲੀ ਇਸ ਲਾਂਚਿੰਗ ਲਈ ਐਤਵਾਰ ਸ਼ਾਮ 6 : 43 ਵਜੇ ਪੁੱਠੀ ਗਿਣਤੀ ਸ਼ੁਰੂ ਕੀਤੀ ਗਈ। ਇਸਰੋ ਪ੍ਰਮੁੱਖ ਦਾ ਸਿਵਨ ਦਾ ਕਹਿਣਾ ਹੈ ਕਿ ਮਿਸ਼ਨ ਚੰਦਰਯਾਨ-2 ਪੂਰੀ ਤਰ੍ਹਾਂ ਨਾਲ ਕਾਮਯਾਬ ਸਾਬਿਤ ਹੋਵੇਗਾ ਤੇ ਚੰਦ 'ਤੇ ਕਈ ਚੀਜ਼ਾਂ ਦੀ ਖੋਜ ਕਰਨ 'ਚ ਸਫ਼ਲਤਾ ਮਿਲੇਗੀ। ਪਹਿਲਾਂ ਇਹ ਲਾਂਚਿੰਗ 15 ਜੁਲਾਈ ਦੀ ਸਵੇਰ 2 : 51 ਵਜੇ ਪ੍ਰਸਤਾਵਿਤ ਸੀਪਰ ਲਾਂਚਿੰਗ ਤੋਂ ਇਕ ਘੰਟਾ ਪਹਿਲਾਂ ਰਾਕਟ ਵਿਚ ਤਕਨੀਕੀ ਖ਼ਰਾਬੀ ਕਾਰਨ ਮੁਹਿੰਮ ਰੋਕਣੀ ਪਈ ਸੀ।

ਚੰਦਰਯਾਨ-2 ਨੂੰ ਧਰਤੀ ਦੇ ਪੰਧ 'ਚ ਪਹੁੰਚਾਉਣ ਦੀ ਜ਼ਿੰਮੇਵਾਰੀ ਇਸਰੋ ਨੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਰਾਕਟ ਜਿਓਸਿੰਕ੍ਰੋਨਜ਼ ਸੈਟੇਲਾਈਟ ਲਾਂਚ ਵਹੀਕਲ-ਮਾਰਕ 3 (ਜੀਐੱਸਐੱਲਵੀ-ਐੱਮਕੇ 3) ਨੂੰ ਸੌਂਪੀ ਹੈ। ਇਸ ਰਾਕਟ ਨੂੰ ਸਥਾਨਕ ਮੀਡੀਏ ਨੇ 'ਬਾਹੂਬਲੀ' ਨਾਂ ਦਿੱਤਾ ਹੈ। 640 ਟਨ ਵਜ਼ਨੀ ਰਾਕਟ ਦੀ ਲਾਗਤ 375 ਕਰੋੜ ਰੁਪਏ ਹੈ। ਇਹ ਰਾਕਟ 3.8 ਟਨ ਵਜ਼ਨ ਵਾਲੇ ਚੰਦਰਯਾਨ-2 ਨੂੰ ਲੈ ਕੇ ਉਡਾਣ ਭਰੇਗਾ। ਚੰਦਰਯਾਨ-2 ਦੀ ਕੁਲ ਲਾਗਤ 603 ਕਰੋੜ ਰੁਪਏ ਹੈ।

ਵੱਖ-ਵੱਖ ਪੜਾਵਾਂ 'ਚ ਸਫ਼ਰ ਪੂਰਾ ਕਰਦਿਆਂ ਪੁਲਾੜ ਵਾਹਨ ਸੱਤ ਸਤੰਬਰ ਨੂੰ ਚੰਦਰਮਾ ਦੇ ਦੱਖਣੀ ਧਰੁਵ ਦੀ ਨਿਰਧਾਰਤ ਥਾਂ 'ਤੇ ਉੱਤਰੇਗਾ। ਹੁਣ ਤਕ ਦੁਨੀਆ ਦੇ ਕੇਵਲ ਤਿੰਨ ਦੇਸ਼ਾਂ ਅਮਰੀਕਾ, ਰੂਸ ਤੇ ਚੀਨ ਨੇ ਚੰਦਰਮਾ 'ਤੇ ਆਪਣੇ ਪੁਲਾੜ ਵਾਹਨ ਉਤਾਰੇ ਹਨ। 2008 'ਚ ਭਾਰਤ ਨੇ ਚੰਦਰਯਾਨ-1 ਲਾਂਚ ਕੀਤਾ ਸੀ। ਇਹ ਇਕ ਆਰਬਿਟਰ ਮੁਹਿੰਮ ਸੀ। ਆਰਬਿਟਰ ਨੇ 10 ਮਹੀਨੇ ਤਕ ਚੰਦਰਮਾ ਦਾ ਚੱਕਰ ਲਾਇਆ ਸੀ। ਚੰਦਰਮਾ 'ਤੇ ਪਾਣੀ ਦਾ ਪਤਾ ਲਾਉਣ ਦਾ ਸਿਹਰਾ ਭਾਰਤ ਦੀ ਇਸੇ ਮੁਹਿੰਮ ਨੂੰ ਜਾਂਦਾ ਹੈ।

ਇਸਰੋ ਦਾ ਸਭ ਤੋਂ ਮੁਸ਼ਕਿਲ ਮਿਸ਼ਨ

ਇਸ ਨੂੰ ਇਸਰੋ ਦਾ ਸਭ ਤੋਂ ਮੁਸ਼ਕਿਲ ਮਿਸ਼ਨ ਮੰਨਿਆ ਜਾ ਰਿਹਾ ਹੈ। ਸਫ਼ਰ ਦੇ ਆਖ਼ਰੀ ਦਿਨ ਜਿਸ ਵੇਲੇ ਰੋਵਰ ਸਮੇਤ ਪੁਲਾੜ ਵਾਹਨ ਦਾ ਲੈਂਡਰ ਚੰਦਰਮਾ ਦੀ ਸੱਤ੍ਹਾ 'ਤੇ ਉੱਤਰੇਗਾ, ਉਹ ਵਕਤ ਭਾਰਤੀ ਵਿਗਿਆਨੀਆਂ ਲਈ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ਖ਼ੁਦ ਇਸਰੋ ਦੇ ਚੇਅਰਮੈਨ ਕੇ ਸਿਵਨ ਨੇ ਇਸ ਨੂੰ ਸਭ ਤੋਂ ਮੁਸ਼ਕਿਲ 15 ਮਿੰਟ ਕਿਹਾ ਹੈ। ਇਸ ਮੁਹਿੰਮ ਦੀ ਮਹੱਤਤਾ ਇਸ ਗੱਲ ਤੋਂ ਵੀ ਸਮਝੀ ਜਾ ਸਕਦੀ ਹੈ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀ ਆਪਣਾ ੲਕ ਪੇਲੋਡ ਇਸ ਨਾਲ ਲਾਇਆ ਹੈ।

ਦੁਨੀਆ ਭਰ ਦੀਆਂ ਟਿਕੀਆਂ ਹਨ ਨਜ਼ਰਾਂ

ਚੰਦਰਯਾਨ-2 ਦੀ ਸਫਲਤਾ 'ਤੇ ਭਾਰਤ ਹੀ ਨਹੀਂ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਚੰਦਰਯਾਨ-1 ਨੇ ਦੁਨੀਆ ਨੂੰ ਦੱਸਿਆ ਸੀ ਕਿ ਚੰਦਰਮਾ 'ਤੇ ਪਾਣੀ ਹੈ। ਹੁਣ ਉਸੇ ਸਫਲਤਾ ਨੂੰ ਅੱਗੇ ਵਧਾਉਂਦਿਆਂ ਚੰਦਰਯਾਨ-2 ਚੰਦਰਮਾ 'ਤੇ ਪਾਣੀ ਦੀ ਮੌਜੂਦਗੀ ਨਾਲ ਜੁੜੇ ਕਈ ਠੋਸ ਨਤੀਜੇ ਦੇਵੇਗਾ। ਮੁਹਿੰਮ ਨਾਲ ਚੰਦਰਮਾ ਦੀ ਸੱਤ੍ਹਾ ਦਾ ਨਕਸ਼ਾ ਤਿਆਰ ਕਰਨ ਵਿਚ ਮਦਦ ਮਿਲੇਗੀ ਜੋ ਭਵਿੱਖ ਵਿਚ ਹੋਰ ਮੁਹਿੰਮਾਂ ਲਈ ਮਦਦਗਾਰ ਸਾਬਤ ਹੋਵੇਗੀ। ਚੰਦਰਮਾ ਦੀ ਮਿੱਟੀ 'ਚ ਕਿਹੜੇ-ਕਿਹੜੇ ਖਣਿਜ ਹਨ ਤੇ ਕਿੰਨੀ ਮਾਤਰਾ ਵਿਚ ਹਨ, ਚੰਦਰਯਾਨ-2 ਇਸ ਨਾਲ ਜੁੜੇ ਕਈ ਭੇਤ ਖੋਲ੍ਹੇਗਾ। ਉਮੀਦ ਇਹ ਵੀ ਹੈ ਕਿ ਚੰਦਰਮਾ ਦੇ ਜਿਸ ਹਿੱਸੇ ਦੀ ਪੜਤਾਲ ਦੀ ਜ਼ਿੰਮੇਵਾਰੀ ਚੰਦਰਯਾਨ-2 ਨੂੰ ਮਿਲੀ ਹੈ ਉਹ ਸਾਡੀ ਸੌਰ ਵਿਵਸਥਾ ਨੂੰ ਸਮਝਣ ਤੇ ਧਰਤੀ ਦੀ ਵਿਕਾਸ ਲੜੀ ਨੂੰ ਜਾਣਨ 'ਚ ਵੀ ਮਦਦਗਾਰ ਹੋ ਸਕਦਾ ਹੈ।