ਬੈਂਗਲੁਰੂ : ਭਾਰਤੀ ਪੁਲਾੜ ਖੋਜ ਸੰਗਠਨ (ਈਸਰੋ) ਨੇ ਬੁੱਧਵਾਰ ਨੂੰ ਦੱਸਿਆ ਕਿ ਦੇਸ਼ ਦੇ ਦੂਜੇ ਚੰਦਰ ਮਿਸ਼ਨ 'ਚ 13 ਭਾਰਤੀ ਪੇਲੋਡ (ਪੁਲਾੜ ਜਹਾਜ਼ ਦਾ ਹਿੱਸਾ) ਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਇਕ ਉਪਕਰਨ ਸ਼ਾਮਲ ਹੋਵੇਗਾ। ਈਸਰੋ ਨੇ ਕਿਹਾ, '13 ਭਾਰਤੀ ਪੇਲੋਡ (ਆਰਬੀਟਰ 'ਤੇ ਅੱਠ, ਲੈਂਡਰ 'ਤੇ ਤਿੰਨ ਤੇ ਰੋਵਰ 'ਤੇ ਦੋ) ਅਤੇ ਇਕ ਅਮਰੀਕੀ ਪੈਸਿਵ ਐਕਸਪੈਰੀਮੈਂਟ (ਉਪਕਰਨ)...।'

ਹਾਲਾਂਕਿ, ਈਸਰੋ ਨੇ ਇਨ੍ਹਾਂ ਦੀ ਉਪਯੋਗਿਤਾ ਜਾਂ ਉਦੇਸ਼ ਬਾਰੇ ਜਾਣਕਾਰੀ ਨਹੀਂ ਦਿੱਤੀ। 3.8 ਟਨ ਵਜ਼ਨੀ ਇਸ ਪੁਲਾੜ ਜਹਾਜ਼ ਦੇ ਤਿੰਨ ਮਾਡਿਊਲ ਹਨ। ਇਨ੍ਹਾਂ 'ਚ ਆਰਬੀਟਰ, ਲੈਂਡਰ (ਵਿਕਰਮ) ਤੇ ਰੋਵਰ (ਪ੍ਰਗਿਆਨ) ਸ਼ਾਮਲ ਹਨ। ਇਸ ਤੋਂ ਪਹਿਲਾਂ ਨਾਸਾ ਨੇ ਕਿਹਾ ਸੀ ਚੰਦਰਯਾਨ-2 ਦੀ ਲਾਂਚਿੰਗ 9-16 ਜੁਲਾਈ 2019 ਵਿਚਾਲੇ ਹੋਣੀ ਹੈ। ਇਸ ਲਈ ਸਾਰੇ ਮਾਡਿਊਲ ਨੂੰ ਤਿਆਰ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਚੰਦਰਯਾਨ-2 ਛੇ ਸਤੰਬਰ ਨੂੰ ਚੰਨ 'ਤੇ ਉਤਰ ਜਾਵੇਗਾ। ਈਸਰੋ ਮੁਤਾਬਕ ਇਸ ਮੁਹਿੰਮ 'ਚ ਜੀਐੱਸਐੱਲਵੀ ਮਾਰਕ-3 ਪੁਲਾੜ ਵਾਹਨ ਦੀ ਵਰਤੋਂ ਕੀਤੀ ਜਾਵੇਗੀ। ਆਰਬਿਟਰ ਚੰਦਰਮਾ ਦੀ ਪਰਤ ਤੋਂ 100 ਕਿਲੋਮੀਟਰ ਦੀ ਦੂਰੀ 'ਤੇ ਉਸ ਦਾ ਚੱਕਰ ਲਗਾਉਂਦੇ ਹੋਏ ਵਿਗਿਆਨਕ ਪ੍ਰਯੋਗ ਕਰੇਗਾ। ਲੈਂਡਰ (ਵਿਕਰਮ) ਚੰਦਰਮਾ ਦੇ ਦੱਖਣੀ ਧਰੂਵ 'ਤੇ ਉਤਰੇਗਾ ਤੇ ਰੋਵਰ (ਪ੍ਰਗਿਆਨ) ਆਪਣੀ ਥਾਂ 'ਤੇ ਪ੍ਰਯੋਗ ਕਰੇਗਾ। ਇਨ੍ਹਾਂ ਦੋਵਾਂ 'ਚ ਵੀ ਪ੍ਰਯੋਗ ਲਈ ਉਪਕਰਨ ਲਗਾਏ ਗਏ ਹਨ।

ਈਸਰੋ ਚੇਅਰਮੈਨ ਕੇ. ਸਿਵਨ ਨੇ ਜਨਵਰੀ 'ਚ ਕਿਹਾ ਸੀ, 'ਅਸੀਂ (ਚੰਦਰਮਾ 'ਤੇ) ਉਸ ਥਾਂ 'ਤੇ ਉਤਰਨ ਜਾ ਰਹੇ ਹਨ, ਜਿੱਥੇ ਕੋਈ ਨਹੀਂ ਪੁੱਜਾ ਹੈ... ਭਾਵ ਚੰਦਰਮਾ ਦੇ ਦੱਖਣੀ ਧਰੂਵ 'ਤੇ। ਇਸ ਖੇਤਰ ਨੂੰ ਹੁਣ ਤਕ ਖੰਗਾਲਿਆ ਨਹੀਂ ਗਿਆ ਹੈ।' ਚੰਦਰਯਾਨ-2 ਪਿਛਲੇ ਚੰਦਰਯਾਨ-1 ਮਿਸ਼ਨ ਦਾ ਵਿਕਸਿਤ ਐਡੀਸ਼ਨ ਹੈ। ਚੰਦਰਯਾਨ-1 ਮੁਹਿੰਮ ਲਗਪਗ 10 ਸਾਲ ਪਹਿਲਾਂ ਕੀਤੀ ਗਈ ਸੀ।