ਜੇਐੱਨਐੱਨ, ਨਵੀਂ ਦਿੱਲੀ : Chandrayaan-2 ਚੰਦਰਮਾ ਦੀ ਸਤ੍ਹਾ 'ਤੇ ਇਸ ਸਾਲ ਸਤੰਬਰ 'ਚ ਹਾਦਸਾਗ੍ਰਸਤ ਹੋਏ ਵਿਕਰਮ ਲੈਂਡਰ ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੋਮਵਾਰ ਨੂੰ ਲੱਭ ਲਿਆ ਹੈ। ਨਾਸਾ ਨੇ ਆਪਣੇ ਲੂਨਰ ਰਿਕਾਨਸੈਂਸ ਆਰਬਿਟਰ (ਐੱਲਆਰਓ) ਵੱਲੋਂ ਲਈ ਗਈ ਇਕ ਤਸਵੀਰ ਜਾਰੀ ਕੀਤੀ ਹੈ ਜਿਸ ਵਿਚ ਪੁਲਾੜ ਯਾਨ ਤੋਂ ਪ੍ਰਭਾਵਿਤ ਜਗ੍ਹਾ ਦਿਖਾਈ ਦਿੱਤੀ ਹੈ।

ਨਾਸਾ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਲੂਨਰ ਰਿਕੌਨਸੈਂਸ ਆਰਬਿਟਰ (LRO) ਨੇ ਚੰਦਰਮਾ ਦੀ ਸਤ੍ਹਾ 'ਤੇ ਚੰਦਰਯਾਨ-2 ਦਾ ਵਿਕਰਮ ਲੈਂਡਰ ਲੱਭ ਲਿਆ ਹੈ। ਨਾਸਾ ਦੇ ਦਾਅਵੇ ਮੁਤਾਬਿਕ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਮਲਬਾ ਉਸ ਦੀ ਕ੍ਰੈਸ਼ ਸਾਈਟ ਤੋਂ 750 ਮੀਟਰ ਦੂਰ ਮਿਲਿਆ। ਮਲਬੇ ਦੇ ਤਿੰਨ ਸਭ ਤੋਂ ਵੱਡੇ ਟੁਕੜੇ 2x2 ਪਿਕਸਲ ਦੇ ਹਨ। ਨਾਸਾ ਨੇ ਰਾਤ ਕਰੀਬ ਡੇਢ ਵਜੇ ਵਿਕਰਮ ਲੈਂਡਰ ਦੀ ਇੰਪੈਕਟ ਸਾਈਟ ਦੀ ਤਸਵੀਰ ਜਾਰੀ ਕੀਤੀ ਤੇ ਦੱਸਿਆ ਕਿ ਉਸ ਦੇ ਆਰਬਿਟਰ ਨੂੰ ਵਿਕਰਮ ਲੈਂਡਰ ਦੇ ਤਿੰਨ ਟੁਕੜੇ ਮਿਲੇ ਹਨ।

ਇਸ ਦੇ ਨਾਲ ਹੀ ਨਾਸਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਤਸਵੀਰ 'ਚ ਨੀਲੇ ਤੇ ਹਰੇ ਡਾਟਸ ਜ਼ਰੀਏ ਵਿਕਰਮ ਲੈਂਡਰ ਦੇ ਮਲਬੇ ਵਾਲਾ ਖੇਤਰ ਦਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 7 ਸਤੰਬਰ ਨੂੰ ਇਸਰੋ ਵੱਲੋਂ ਭੇਜੇ ਗਏ ਚੰਦਰਯਾਨ-2 ਦਾ ਵਿਕਰਮ ਲੈਂਡਰ ਲੈਂਡਿਗ ਦੇ ਨਿਰਧਾਰਤ ਸਮੇਂ ਤੋਂ ਕੁਝ ਸਮਾਂ ਪਹਿਲਾਂ ਸੰਪਰਕ ਗੁਆ ਬੈਠਾ ਸੀ।

Posted By: Seema Anand