ਨਵੀਂ ਦਿੱਲੀ (ਏਜੰਸੀਆਂ) : ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਕੋਰਟ ਦੀ ਉਲੰਘਣਾ ਕਾਨੂੰਨ ਦੀ ਵਿਵਸਥਾ ਨੂੰ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ 'ਚ ਇਸ ਵਿਵਸਥਾ ਨੂੰ ਗ਼ੈਰ-ਸੰਵਿਧਾਨਕ, ਅਸਪੱਸ਼ਟ ਤੇ ਮਨਮਰਜ਼ੀ ਕਰਾਰ ਦੇਣ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਕਾਨੂੰਨ ਨੂੰ ਪ੍ਰਗਟਾਵੇ ਵੀ ਆਜ਼ਾਦੀ ਖ਼ਿਲਾਫ਼ ਦੱਸਿਆ ਗਿਆ ਹੈ।

ਸੀਨੀਅਰ ਪੱਤਰਕਾਰ ਐੱਨ ਰਾਮ, ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਤੇ ਵਕੀਲ ਪ੍ਰਸ਼ਾਂਤ ਭੂਸ਼ਣ ਵੱਲੋਂ ਦਾਇਰ ਸਾਂਝੀ ਪਟੀਸ਼ਨ 'ਚ ਕੋਰਟ ਦੀ ਉਲੰਘਣਾ ਕਾਨੂੰਨ, 1971 ਦੀ ਧਾਰਾ 2 (ਸੀ) (1) ਦੀ ਸੰਵਿਧਾਨਕ ਜਾਇਜ਼ਤਾ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਤੇ ਮੂਲ ਭਾਵਨਾ ਖ਼ਿਲਾਫ਼ ਦੱਸਿਆ ਗਿਆ ਹੈ। ਧਾਰਾ-2 (ਸੀ) (1) 'ਚ ਵਿਵਸਥਾ ਹੈ ਜੇ ਕੋਈ ਵੀ ਲਿਖ ਕੇ, ਬੋਲ ਕੇ ਜਾਂ ਇਸ਼ਾਰੇ 'ਚ ਅਜਿਹਾ ਕੰਮ ਕਰਦਾ ਹੈ ਕਿ ਜਿਸ ਨਾਲ ਅਦਾਲਤ ਦੀ ਬਦਨਾਮੀ ਹੁੰਦੀ ਹੈ ਜਾਂ ਉਸ ਦੀ ਮਰਿਆਦਾ ਤੇ ਵੱਕਾਰ ਨੂੰ ਸੱਟ ਵੱਜਦੀ ਹੈ ਤਾਂ ਉਹ ਅਦਾਲਤ ਦੀ ਉਲੰਘਣਾ ਹੈ।

ਸੁਪਰੀਮ ਕੋਰਟ 'ਚ ਇਸ ਪਟੀਸ਼ਨ 'ਤੇ ਇਕ ਹਫ਼ਤੇ 'ਚ ਸੁਣਵਾਈ ਹੋਣ ਦੀ ਸੰਭਾਵਨਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉਲੰਘਣਾ ਕਾਨੂੰਨ ਮਨਮਾਨੀ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਉਕਤ ਤਜਵੀਜ਼ ਧਾਰਾ-14 ਸਮਾਨਤਾ ਦੇ ਅਧਿਕਾਰ ਤੇ ਧਾਰਾ-19 ਵਿਚਾਰ ਪ੍ਰਗਟਾਵੇ ਦੇ ਅਧਿਕਾਰ ਦੀ ਉਲੰਘਣਾ ਹੈ।

ਇਹ ਪਟੀਸ਼ਨ ਅਜਿਹੇ ਸਮੇਂ 'ਚ ਦਾਇਰ ਕੀਤੀ ਗਈ ਹੈ, ਜਦੋਂ ਸੁਪਰੀਮ ਕੋਰਟ 'ਚ ਪ੍ਰਸ਼ਾਂਤ ਭੂਸ਼ਣ ਖ਼ਿਲਾਫ਼ ਉਲੰਘਣਾ ਦੇ ਦੋ ਮਾਮਲੇ ਚੱਲ ਰਹੇ ਹਨ। ਇਨ੍ਹਾਂ 'ਤੇ ਚਾਰ ਤੇ ਪੰਜ ਅਗਸਤ ਨੂੰ ਸੁਣਵਾਈ ਹੋਣੀ ਹੈ। ਪ੍ਰਸ਼ਾਂਤ ਭੂਸ਼ਣ ਨੇ 27 ਜੂਨ ਨੂੰ ਟਵੀਟ ਕਰ ਕੇ ਸੁਪਰੀਮ ਕੋਰਟ 'ਤੇ ਦੋਸ਼ ਲਾਇਆ ਸੀ ਕਿ ਉਸ ਨੇ ਪਿਛਲੇ ਛੇ ਸਾਲ ਦੌਰਾਨ 'ਭਾਰਤ ਦੇ ਲੋਕਤੰਤਰ ਦੇ ਵਿਨਾਸ਼' 'ਚ ਭੂਮਿਕਾ ਨਿਭਾਈ ਹੈ। ਇਸ ਮਾਮਲੇ 'ਚ ਸੁਪਰੀਮ ਕੋਰਟ ਨੇ 22 ਜੁਲਾਈ ਨੂੰ ਭੂਸ਼ਣ ਨਾਲ ਹੀ ਟਵਿੱਟਰ ਨੂੰ ਵੀ ਨੋਟਿਸ ਜਾਰੀ ਕੀਤਾ ਸੀ। ਭੂਸ਼ਣ ਖ਼ਿਲਾਫ਼ ਦੂਜਾ ਮਾਮਲਾ 2009 ਦਾ ਹੈ।

ਪ੍ਰਸ਼ਾਂਤ ਭੂਸ਼ਣ ਨੇ ਨੋਟਿਸ ਰੱਦ ਕਰਨ ਦੀ ਕੀਤੀ ਫਰਿਆਦ

ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਅਦਾਲਤ ਦੇ 22 ਜੁਲਾਈ ਦੇ ਆਦੇਸ਼ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ, ਜਿਸ 'ਚ ਅਦਾਲਤ ਦੀ ਉਲੰਘਣਾ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਨੋਟਿਸ ਜਾਰੀ ਕੀਤਾ ਗਿਆ ਹੈ। ਭੂਸ਼ਣ ਨੇ ਆਪਣੀ ਪਟੀਸ਼ਨ 'ਚ ਦੋਸ਼ ਲਾਇਆ ਹੈ ਕਿ ਸਿਖਰਲੀ ਅਦਾਲਤ ਦੇ ਸਕੱਤਰ ਜਨਰਲ ਨੇ ਗ਼ੈਰ-ਸੰਵਿਧਾਨਕ ਤੇ ਨਾਜਾਇਜ਼ ਢੰਗ ਨਾਲ ਇਕ ਦੋਸ਼ਪੂਰਨ ਉਲੰਘਣਾ ਪਟੀਸ਼ਨ ਨੂੰ ਮਨਜ਼ੂਰ ਕੀਤਾ ਹੈ। ਭੂਸ਼ਣ ਨੇ ਉਨ੍ਹਾਂ ਖ਼ਿਲਾਫ਼ 2009 'ਚ ਦਾਖਲ ਉਲੰਘਣਾ ਪਟੀਸ਼ਨ 'ਤੇ ਚਾਰ ਅਗਸਤ ਨੂੰ ਸੁਣਵਾਈ ਨੂੰ ਵੀ ਟਾਲ਼ਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿਖਰਲੀ ਅਦਾਲਤ ਨੇ ਇਨ੍ਹਾਂ ਦੋਵੇਂ ਹੀ ਮਾਮਲਿਆਂ ਦੀ ਸੁਣਵਾਈ ਵੀਡੀਆ ਕਾਨਫਰੰਸਿੰਗ ਰਾਹੀਂ ਕਰਨ ਤੋਂ ਬਚਣਾ ਚਾਹੀਦਾ ਹੈ ਕਿ ਹੁਣ ਅਦਾਲਤ 'ਚ ਸਾਧਾਰਨ ਤਰੀਕੇ ਨਾਲ ਕੰਮਕਾਜ ਸ਼ੁਰੂ ਹੈ ਤੇ ਇਨ੍ਹਾਂ ਮਾਮਲਿਆਂ ਨੂੰ ਸੁਣਵਾਈ ਲਈ ਸੂਚੀਬੱਧ ਕਰਨਾ ਚਾਹੀਦਾ।