ਨਵੀਂ ਦਿੱਲੀ (ਪੀਟੀਆਈ) : ਦਿੱਲੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹਵਾ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਦੇ ਮੱਦੇਨਜ਼ਰ ਕੇਂਦਰੀ ਵਾਤਾਵਰਨ ਮੰਤਰਾਲਾ ਸਬੰਧਿਤ ਸੂਬਿਆਂ ਦੇ ਆਹਲਾ ਅਧਿਕਾਰੀਆਂ ਨਾਲ ਸੋਮਵਾਰ ਨੂੰ ਮੀਟਿੰਗ ਕਰੇਗਾ। ਵਾਤਾਵਰਨ ਸਕੱਤਰ ਸੀ ਕੇ ਮਿਸ਼ਰਾ ਦੀ ਅਗਵਾਈ 'ਚ ਹੋਣ ਵਾਲੀ ਇਸ ਮੀਟਿੰਗ ਵਿਚ ਦਿੱਲੀ, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਹਿੱਸਾ ਲੈਣਗੇ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿਚ ਹਵਾ ਪ੍ਰਦੂਸ਼ਣ ਨਾਲ ਨਿਪਟਣ ਦੇ ਉਪਾਵਾਂ 'ਤੇ ਵਿਚਾਰ-ਚਰਚਾ ਦੇ ਨਾਲ-ਨਾਲ ਇਸ ਸਬੰਧੀ ਪਹਿਲਾਂ ਉਠਾਏ ਗਏ ਕਦਮਾਂ ਦੀ ਸਮੀਖਿਆ ਕੀਤੀ ਜਾਵੇਗੀ। ਮੀਟਿੰਗ ਵਿਚ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਵੀ ਹਾਜ਼ਰ ਰਹਿਣਗੇ ਜੋ ਬਿਹਤਰ ਆਵਾਜਾਈ ਪ੍ਰਬੰਧਨ ਦੇ ਉਪਾਵਾਂ 'ਤੇ ਚਰਚਾ ਕਰਨਗੇ। ਹਵਾ ਪ੍ਰਦੂਸ਼ਣ ਲਈ ਆਵਾਜਾਈ ਵੱਡਾ ਕਾਰਕ ਹੈ।

ਇਸ ਵਿਚ ਦਿੱਲੀ ਦੀਆਂ ਸਥਾਨਕ ਸਰਕਾਰਾਂ ਦੇ ਕਮਿਸ਼ਨਰ ਅਤੇ ਫ਼ਰੀਦਾਬਾਦ, ਗਾਜ਼ੀਆਬਾਦ ਤੇ ਗੌਤਮਬੁੱਧ ਨਗਰ ਦੇ ਜ਼ਿਲ੍ਹਾ ਅਧਿਕਾਰੀ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਸ਼ਿਰਕਤ ਕਰਨਗੇ। ਜ਼ਿਕਰਯੋਗ ਹੈ ਕਿ ਸੰਸਦੀ ਕਮੇਟੀ ਵੱਲੋਂ ਦਿੱਲੀ-ਐੱਨਸੀਆਰ ਖੇਤਰ ਵਿਚ ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਸੱਦੀ ਗਈ ਮੀਟਿੰਗ ਵਿਚ ਸ਼ੁੱਕਰਵਾਰ ਨੂੰ ਵਾਤਾਵਰਨ ਮੰਤਰਾਲੇ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਗ਼ੈਰ-ਹਾਜ਼ਰ ਰਹੇ ਸਨ। ਇੱਥੋਂ ਤਕ ਕਿ 28 ਮੈਂਬਰੀ ਕਮੇਟੀ ਵਿਚੋਂ ਸਿਰਫ਼ ਚਾਰ ਸੰਸਦ ਮੈਂਬਰ ਹੀ ਇਸ ਮੀਟਿੰਗ ਵਿਚ ਹਾਜ਼ਰ ਸਨ।