ਨਵੀਂ ਦਿੱਲੀ, ਏਜੰਸੀ : ਕੇਂਦਰ ਸਰਕਾਰ ਨੇ Covid-19 ਨਾਲ ਲੜਨ ਵਾਲੇ ਸਿਹਤ ਮੁਲਾਜ਼ਮਾਂ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣਾ ਪੈਕੇਜ-PMGKP ਬੀਮਾ ਯੋਜਨਾ ਨੂੰ 180 ਦਿਨਾਂ ਦੀ ਹੋਰ ਮਿਆਦ ਲਈ ਵਧਾ ਦਿੱਤਾ ਹੈ ਤਾਂ ਜੋ ਸਿਹਤ ਮੁਲਾਜ਼ਮਾਂ ਦੇ ਆਸ਼ਰਿਤਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਜਾਰੀ ਰੱਖਿਆ ਜਾ ਸਕੇ। ਕੇਂਦਰੀ ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ਬੀਮਾ ਪਾਲਿਸੀ ਨੂੰ ਕੱਲ੍ਹ ਤੋਂ ਵਧਾ ਦਿੱਤਾ ਗਿਆ ਹੈ। ਇਸ ਸਬੰਧੀ ਇਕ ਪੱਤਰ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਿਹਤ ਮੁਲਾਜ਼ਮਾਂ ਵਿਚਕਾਰ ਵਿਆਪਕ ਪ੍ਰਚਾਰ ਕਰਨ ਲਈ ਜਾਰੀ ਕੀਤਾ ਗਿਆ ਹੈ। ਬੀਮਾ ਪਾਲਿਸੀ ਦੀ ਮੌਜੂਦਾ ਮਿਆਦ ਅੱਜ ਖ਼ਤਮ ਹੋ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਕਿਉਂਕਿ ਕੋਵਿਡ-19 ਮਹਾਮਾਰੀ ਹਾਲੇ ਵੀ ਖ਼ਤਮ ਨਹੀਂ ਹੋਈ ਹੈ ਤੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਹਾਲੇ ਵੀ Covid ਨਾਲ ਸੰਬੰਧਤ ਕਰਤੱਵਾਂ ਲਈ ਤਾਇਨਾਤ ਸਿਹਤ ਮੁਲਾਜ਼ਮਾਂ ਦੀ ਮੌਤ ਦੀ ਸੂਚਨਾ ਮਿਲ ਰਹੀ ਹੈ, ਇਸ ਲਈ ਇਸ ਨੀਤੀ ਦੀ ਮਿਆਦ ਵਧਾਉਣ ਦਾ ਫ਼ੈਸਲਾ ਲਿਆ ਗਿਆ ਸੀ। ਮੰਤਰਾਲੇ ਨੇ ਕਿਹਾ, ਯੋਜਨਾ ਤਹਿਤ ਹੁਣ ਤਕ ਇਕ ਹਜ਼ਾਰ 351 ਦਾਅਵਿਆਂ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਪੈਕੇਜ (PMGKP) : 22.12 ਲੱਖ ਸਿਹਤ ਮੁਲਾਜ਼ਮਾਂ ਦੇਖਭਾਲ ਪ੍ਰੋਵਾਈਡਰਾਂ ਨੂੰ 50 ਲੱਖ ਰੁਪਏ ਦਾ ਵਿਆਪਕ ਨਿੱਜੀ ਹਾਦਸਾ ਕਵਰ ਮੁਹੱਈਆ ਕਰਵਾਉਣ ਲਈ ਪਿਛਲੇ ਸਾਲ 30 ਮਾਰਚ ਨੂੰ Covid-19 ਨਾਲ ਲੜਨ ਵਾਲੇ ਸਿਹਤ ਮੁਲਾਜ਼ਮਾਂ ਲਈ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਸੀ। ਇਨ੍ਹਾਂ ਵਿਚ ਭਾਈਚਾਰਕ ਸਿਹਤ ਵਰਕਰਾਂ ਤੇ ਨਿੱਜੀ ਸਿਹਤ ਵਰਕਰਾਂ ਨੂੰ ਸ਼ਾਮਲ ਕੀਤਾ ਜੋ Covid-19 ਰੋਗੀਆਂ ਦੇ ਸਿੱਧੇ ਸੰਪਰਕ ਅਤੇ ਦੇਖਭਾਲ ਵਿਚ ਹੋ ਸਕਦੇ ਹਨ ਤੇ ਇਸ ਤੋਂ ਪ੍ਰਭਾਵਿਤ ਹੋਣ ਦਾ ਖ਼ਤਰਾ ਹੋ ਸਕਦਾ ਹੈ।

Posted By: Seema Anand