ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਤੋਂ ਬਚਾਅ ਨੂੰ ਲੈ ਕੇ ਲਾਕਡਾਊਨ-5 ਦੀ ਸ਼ੁਰੂਆਤ ਹੋ ਚੁੱਕੀ ਹੈ। ਨਾਲ ਹੀ ਅਨਲਾਕ-1 ਵੀ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਹੌਲੀ-ਹੌਲੀ ਸਾਰੀਆਂ ਸਰਗਰਮੀਆਂ ਨੂੰ ਸ਼ੁਰੂ ਕੀਤਾ ਜਾਣਾ ਹੈ। ਇਨ੍ਹਾਂ 'ਚ ਸਕੂਲ-ਕਾਲਜਾਂ ਦਾ ਖੁੱਲ੍ਹਣਾ ਵੀ ਸ਼ਾਮਲ ਹੈ ਪਰ ਇਨ੍ਹਾਂ ਨੂੰ ਕਦੋਂ ਤੋਂ ਖੋਲ੍ਹਣਾ ਹੈ, ਇਸ ਦਾ ਫੈਸਲਾ ਸੂਬਿਆਂ 'ਤੇ ਛੱਡਿਆ ਜਾਵੇਗਾ। ਜਿਹੜੇ ਆਪਣੀ ਸਥਿਤੀ ਤੇ ਤਿਆਰੀਆਂ ਦੇ ਆਧਾਰ 'ਤੇ ਇਸ ਦਾ ਫੈਸਲਾ ਕਰ ਸਕਣਗੇ। ਇਹੀ ਕਾਰਨ ਹੈ ਕਿ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਹੁਣ ਆਪਣੀ ਤਜਵੀਜ਼ਸ਼ੁਦਾ ਗਾਈਡਲਾਈਨ ਨੂੰ ਸਿਰਫ਼ ਸੁਰੱਖਿਆ ਮੈਨੇਜਮੈਂਟ ਤਕ ਹੀ ਸੀਮਤ ਰੱਖੇਗਾ। ਫਿਲਹਾਲ ਮੰਤਰਾਲੇ ਨੇ ਅਗਲੇ ਇਕ-ਦੋ ਦਿਨਾਂ 'ਚ ਹੀ ਸਿਹਤ ਤੇ ਗ੍ਰਹਿ ਮੰਤਰਾਲੇ ਨਾਲ ਚਰਚਾ ਤੋਂ ਬਾਅਦ ਸਕੂਲਾਂ ਨੂੰ ਖੋਲ੍ਹਣ ਲਈ ਸੇਫਟੀ ਗਾਈਡਲਾਈਨ ਜਾਰੀ ਕਰਨ ਦੇ ਸੰਕੇਤ ਦਿੱਤੇ ਹਨ। ਇਸ ਦੌਰਾਨ ਮਹਾਰਾਸ਼ਟਰ, ਕੇਰਲ ਨਾਰਥ-ਈਸਟ ਦੇ ਕਈ ਸੂਬਿਆਂ ਨੇ ਜੂਨ ਤੋਂ ਹੀ ਸਕੂਲੀ ਸਰਗਰਮੀਆਂ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਹਨ। ਅਜਿਹੇ 'ਚ ਮੰਤਰਾਲੇ ਵੀ ਸੇਫਟੀ ਗਾਈਡਲਾਈਨ ਨੂੰ ਛੇਤੀ ਜਾਰੀ ਕਰਨ ਦੀ ਤਿਆਰੀ 'ਚ ਹੈ। ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਖੋਲ੍ਹਣ ਲਈ ਗਾਈਡਲਾਈਨ ਬਣਾਉਣ ਦਾ ਜ਼ਿੰਮਾ ਐੱਨਸੀਈਆਰਟੀ ਨੂੰ ਦਿੱਤਾ ਗਿਆ ਸੀ ਜਿਸ ਨੇ ਗਾਈਡਲਾਈਨ ਤਾਂ ਸੌਂਪ ਦਿੱਤੀ ਹੈ ਪਰ ਸਿਹਤ ਤੇ ਗ੍ਹਿ ਮੰਤਰਾਲੇ ਨਾਲ ਚਰਚਾ ਤੋਂ ਬਾਅਦ ਇਸ 'ਚ ਸੁਧਾਰ ਕੀਤੇ ਜਾ ਰਹੇ ਹਨ। ਸੂਤਰਾਂ ਮੁਤਾਬਕ ਗਾਈਡਲਾਈਨ ਹੁਣ ਬੁੱਧਵਾਰ ਨੂੰ ਜਾਰੀ ਕੀਤੀ ਜਾ ਸਕਦੀ ਹੈ।


ਕਿਸ ਕਲਾਸ ਨੂੰ ਪਹਿਲਾਂ ਸੱਦਣਾ ਹੈ, ਇਸ ਦਾ ਫ਼ੈਸਲਾ ਵੀ ਸੂਬੇ ਹੀ ਕਰਨਗੇ

ਸਕੂਲਾਂ ਨੂੰ ਖੋਲ੍ਹਣ ਦੌਰਾਨ ਕਿਸ ਕਲਾਸ ਨੂੰ ਪਹਿਲਾਂ ਸੱਦਿਆ ਜਾਵੇ, ਜਿਵੇਂ ਫੈਸਲੇ ਵਿਚ ਵੀ ਮੰਤਰਾਲੇ ਦਾ ਕੋਈ ਦਖਲ ਨਹੀਂ ਹੋਵੇਗਾ। ਇਹ ਸਾਰੇ ਫੈਸਲੇ ਵੀ ਸੂਬਿਆਂ ਦੇ ਪੱਧਰ 'ਤੇ ਹੀ ਹੋਣਗੇ। ਹਾਂ, ਇਸ ਗੱਲ 'ਤੇ ਜ਼ੋਰ ਜ਼ਰੂਰ ਹੋਵੇਗਾ, ਕਿ ਸਕੂਲਾਂ ਨਾਲ ਜੁੜੇ ਫੈਸਲਿਆਂ 'ਚ ਮਾਤਾ-ਪਿਤਾ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ। ਯਾਨੀ ਸਕੂਲ ਆਪਣੇ ਵਲੋਂ ਇਕਪਾਸੜ ਕੋਈ ਵੀ ਫੈਸਲਾ ਨਹੀਂ ਲੈ ਸਕਣਗੇ।

ਕੇਂਦਰੀ ਵਿਦਿਆਲਾ ਦੀਆਂ 18 ਜੂਨ ਨੂੰ ਖਤਮ ਹੋਣਗੀਆਂ ਗਰਮੀ ਦੀਆਂ ਛੁੱਟੀਆਂ

ਅਨਲਾਕ-1 ਸ਼ੁਰੂ ਹੋਣ ਦੇ ਨਾਲ ਹੀ ਕੇਂਦਰੀ ਵਿਦਿਆਲਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਵੀ 18 ਜੂੁਨ ਤੋਂ ਖਤਮ ਹੋ ਰਹੀਆਂ ਹਨ। ਅਜਿਹੇ 'ਚ ਵਿਦਿਆਲਾ ਸੰਗਠਨ ਵੀ ਨਵੀਂ ਦਾਖਲਾ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਹਾਲਾਂਕਿ ਸੰਗਠਨ ਨੂੰ ਹਾਲੇ ਮੰਤਰਾਲੇ ਦੇ ਨਿਰਦੇਸ਼ਾਂ ਦਾ ਇੰਤਜ਼ਾਰ ਹੈ ਪਰ ਜਿਵੇਂ ਮੰਨਿਆ ਜਾ ਰਿਹਾ ਹੈ ਕਿ ਸੰਗਠਨ ਗਰਮੀ ਦੀਆਂ ਛੁੱਟੀਆਂ ਖਤਮ ਹੁੰਦਿਆਂ ਹੀ ਵਿੱਦਿਅਕ ਸਰਗਰਮੀਆਂ ਸ਼ੁਰੂ ਕਰ ਦੇਵੇਗਾ।

Posted By: Rajnish Kaur