ਜਾਗਰਣ ਬਿਊਰੋ, ਨਵੀਂ ਦਿੱਲੀ : ਕੋਰੋਨਾ ਜਾਂਚ ਦੀ ਘੱਟ ਹੁੰਦੀ ਗਿਣਤੀ ਨੂੰ ਲੈ ਕੇ ਚਿੰਤਤ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਚੌਕਸ ਕੀਤਾ ਹੈ। 13 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਿੱਠੀ ਲਿਖ ਕੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਜਾਂਚ ਖ਼ਾਸ ਤੌਰ ’ਤੇ ਆਰਟੀ-ਪੀਸੀਆਰ ਟੈਸਟ ਦੀ ਗਿਣਤੀ ਵਧਾਉਣ ’ਤੇ ਜ਼ੋਰ ਦਿੱਤਾ ਹੈ। ਭੂਸ਼ਣ ਦੇ ਮੁਤਾਬਕ ਟੈਸਟ ਨਾ ਹੋਣ ਨਾਲ ਕੋਰੋਨਾ ਇਨਫੈਕਸ਼ਨ ਦੇ ਅਸਲੀ ਖ਼ਤਰੇ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਵੇਗਾ।

ਭੂਸ਼ਣ ਨੇ ਜਿਨ੍ਹਾਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਹੈ, ਉਨ੍ਹਾਂ ’ਚ ਪੰਜਾਬ, ਜੰਮੂ ਕਸ਼ਮੀਰ, ਬੰਗਾਲ, ਰਾਜਸਥਾਨ, ਲੱਦਾਖ, ਮਿਜ਼ੋਰਮ, ਮੇਘਾਲਿਆ, ਮਣੀਪੁਰ, ਗੋਆ, ਕੇਰਲ, ਮਹਾਰਾਸ਼ਟਰ, ਸਿੱਕਮ ਤੇ ਨਾਗਾਲੈਂਡ ਸ਼ਾਮਲ ਹਨ। ਭੂਸ਼ਣ ਨੇ ਇਨ੍ਹਾਂ ਸੂਬਿਆਂ ਨੂੰ ਵਿਆਹਾਂ ਤੇ ਤਿਉਹਾਰਾਂ ਦੌਰਾਨ ਲੋਕਾਂ ਦੀ ਵਧਦੀ ਆਵਾਜਾਈ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਚਿਤ ਗਿਣਤੀ ’ਚ ਟੈਸਟ ਨਾ ਹੋਣ ਨਾਲ ਕੋਰੋਨਾ ਇਨਫੈਕਸ਼ਨ ਦੇ ਵਧਣ ਦੀ ਸਹੀ ਤਸਵੀਰ ਸਾਹਮਣੇ ਨਹੀਂ ਆ ਸਕੇਗੀ। ਇਸ ਨਾਲ ਬਾਅਦ ’ਚ ਹਾਲਾਤ ਬਹੁਤ ਖ਼ਤਰਨਾਕ ਹੋ ਸਕਦੇ ਹਨ। ਉਨ੍ਹਾਂ ਦੇ ਮੁਤਾਬਕ ਟੈਸਟ ਹੋਣ ਨਾਲ ਕੋਰੋਨਾ ਇਨਫੈਕਸ਼ਨ ਨੂੰ ਸਥਾਨਕ ਪੱਧਰ ’ਤੇ ਕੰਟਰੋਲ ਕਰਨ ’ਚ ਮਦਦ ਮਿਲੇਗੀ।

ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ ਨੂੰ ਪੱਤਰ ਲਿਖਿਆ ਗਿਆ ਹੈ, ਉਨ੍ਹਾਂ ’ਚ ਕੁਝ ਜਿਲ੍ਹਿਆਂ ’ਚ ਕੋਰੋਨਾ ਇਨਫੈਕਸ਼ਨ ਦੀ ਦਰ ਵਧਣ ਦੇ ਸੰਕੇਤ ਮਿਲ ਰਹੇ ਹਨ, ਜਿਵੇਂ ਕੇਰਲ ’ਚ ਜਾਂਚ ਦੀ ਗਿਣਤੀ ਮਈ ਦੇ ਮੁਕਾਬਲੇ 20 ਫ਼ੀਸਦੀ ਤੋਂ ਘੱਟ ਰਹਿ ਗਈ ਹੈ ਪਰ ਇਨਫੈਕਸ਼ਨ ਦੀ ਦਰ 9.7 ਫ਼ੀਸਦੀ ਤਕ ਬਣੀ ਹੋਈ ਹੈ।

ਭੂਸ਼ਣ ਨੇ ਆਪਣੇ ਪੱਤਰ ’ਚ ਦੇਸ਼ ’ਚ ਸਰਦੀ ਦੇ ਮੌਸਮ ਦੀ ਸ਼ੁਰੂਆਤ ਤੇ ਇਸ ਦੌਰਾਨ ਸਰਦੀ ਜ਼ੁਕਾਮ ਦੇ ਮਰੀਜ਼ਾਂ ਦੀ ਵਧੀ ਗਿਣਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਸਾਰਿਆਂ ’ਤੇ ਸਖ਼ਤ ਨਿਗਰਾਨੀ ਰੱਖਣ ਦੀ ਲੋੜ ਹੈ। ਉਨ੍ਹਾਂ ਅਜਿਹੇ ਮਰੀਜ਼ਾਂ ਦੀ ਰੈਗੂਲਰ ਰੂਪ ਨਾਲ ਕੋਰੋਨਾ ਜਾਂਚ ਯਕੀਨੀ ਬਣਾਉਣ ਲਈ ਵੀ ਕਿਹਾ। ਸਰਦੀ ਜ਼ੁਕਾਮ ਕੋਰੋਨਾ ਇਨਫੈਕਟਿਡ ਲੋਕਾਂ ਦਾ ਵੀ ਸਾਧਾਰਨ ਲੱਛਣ ਹੈ।

ਆਰਟੀ-ਪੀਸੀਆਰ ਜਾਂਚ ਦੇ ਅਨੁਪਾਤ ’ਤੇ ਚਿੰਤਾ ਪ੍ਰਗਟਾਈ

ਕੇਂਦਰੀ ਸਿਹਤ ਸਕੱਤਰ ਨੇ ਉਪਰੋਕਤ ਸੂਬਿਆਂ ’ਚ ਜਾਂਚ ’ਚ ਆਰਟੀ-ਪੀਸੀਆਰ ਦੇ ਅਨੁਪਾਤ ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਸੂੁਬਿਆਂ ਨੂੰ ਜਾਂਚ ’ਚ 70 ਫ਼ੀਸਦੀ ਆਰਟੀ-ਪੀਸੀਆਰ ਨੂੰ ਰੱਖਣ ਦੇ ਪੁਰਾਣੇ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਸਲਾਹ ਦਿੱਤੀ।

Posted By: Susheel Khanna