ਜਾਗਰਣ ਬਿਊਰੋ, ਨਵੀਂ ਦਿੱਲੀ : ਪੰਜਾਬ, ਹਰਿਆਣਾ ਸਮੇਤ ਕੌਮੀ ਰਾਜਧਾਨੀ ਦਿੱਲੀ ਦੇ ਗੁਆਂਢੀ ਸੂਬਿਆਂ 'ਚ ਪਰਾਲੀ ਸਾੜਨ ਦੀ ਸ਼ੁਰੂਆਤ ਤੇ ਮੌਸਮ 'ਚ ਹੋ ਰਹੀ ਤਬਦੀਲੀ ਨੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਹਰ ਸਾਲ ਅਜਿਹੀ ਹੀ ਸਥਿਤੀ ਬਣਨ 'ਤੇ ਦਿੱਲੀ ਤੇ ਐੱਨਸੀਆਰ ਜ਼ਹਿਰੀਲੇ ਧੂੰਏਂ ਨਾਲ ਘਿਰ ਜਾਂਦਾ ਹੈ। ਫਿਲਹਾਲ ਇਸ ਸੰਭਾਵਨਾ ਨੂੰ ਦੇਖਦਿਆਂ ਕੇਂਦਰੀ ਵਣ ਤੇ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੋਰਚਾ ਸੰਭਾਲਿਆ ਹੈ। ਉਨ੍ਹਾਂ ਨੇ ਪਹਿਲੀ ਅਕਤੂਬਰ ਨੂੰ ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਵਾਤਾਵਰਨ ਮੰਤਰੀਆਂ ਦੀ ਇਕ ਵਰਚੁਅਲ ਬੈਠਕ ਸੱਦੀ ਹੈ। ਇਸ 'ਚ ਸੂਬਿਆਂ ਵੱਲੋਂ ਇਸ ਨਾਲ ਨਜਿੱਠਣ ਲਈ ਉਠਾਏ ਗਏ ਉਪਾਵਾਂ ਨੂੰ ਲੈ ਕੇ ਚਰਚਾ ਹੋਵੇਗੀ।

ਕੇਂਦਰੀ ਮੰਤਰੀ ਜਾਵੜੇਕਰ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਦੇ ਉੱਤਰੀ ਸੂਬਿਆਂ 'ਚ ਖਾਸ ਕਰ ਕੇ ਦਿੱਲੀ 'ਚ ਸਿਆਲਾਂ 'ਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਮੌਸਮ ਸਬੰਧੀ ਤੇ ਭੂਗੋਲਿਕ ਕਾਰਨਾਂ ਕਾਰਨ ਹੁੰਦੀ ਹੈ। ਹਵਾ ਪ੍ਰਦੂਸ਼ਣ ਦੇ ਖ਼ਤਰੇ ਨਾਲ ਲੜਨ ਲਈ ਕੇਂਦਰ, ਸੂਬਾ ਸਰਕਾਰਾਂ ਤੇ ਨਾਗਰਿਕਾਂ ਨਾਲ ਰਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਕਿਸੇ ਸਮੱਸਿਆ ਦੀ ਪਛਾਣ ਕਰਨ ਨੂੰ ਉਸ ਦੇ ਹੱਲ ਦੀ ਦਿਸ਼ਾ 'ਚ ਪਹਿਲਾ ਕਦਮ ਦੱਸਦਿਆਂ ਜਾਵੜੇਕਰ ਨੇ ਕਿਹਾ ਕਿ ਪੀਐੱਮ ਮੋਦੀ ਨੇ 2016 'ਚ ਹੀ ਰੀਅਲ ਟਾਈਮ ਏਅਰ ਕੁਆਲਿਟੀ ਇੰਡੈਕਸ ਲਾਂਚ ਕੀਤਾ ਸੀ, ਜਿਸ ਨਾਲ ਹਵਾ ਦੀ ਗੁਣਵੱਤਾ ਨੂੰ ਜਾਂਚਣ 'ਚ ਆਸਾਨੀ ਹੋਈ ਹੈ। ਨਾਲ ਹੀ ਪਿਛਲੇ ਕੁਝ ਸਾਲਾਂ 'ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਉਠਾਏ ਗਏ ਕਦਮਾਂ ਦੀ ਵੀ ਜਾਣਕਾਰੀ ਦਿੱਤੀ। ਬੈਠਕ 'ਚ ਸੂਬਿਆਂ ਦੇ ਵਾਤਾਵਰਨ ਮੰਤਰੀਆਂ ਨਾਲ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ), ਸਥਾਨਕ ਲੋਕਲ ਬਾਡੀਜ਼ ਤੇ ਅਥਾਰਿਟੀਆਂ ਦੇ ਪ੍ਰਮੁੱਖ ਵੀ ਸ਼ਾਮਲ ਰਹਿਣਗੇ।