ਨਵੀਂ ਦਿੱਲੀ, ਪੀਟੀਆਈ : ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ 22 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ-19 ਐਮਰਜੈਂਸੀ ਪ੍ਰਤਿਕ੍ਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕਜ (Covid-19 Emergency Response and Health System Preparedness package) ਦੀ ਦੂਜੀ ਕਿਸ਼ਤ ਵਜੋਂ 890.32 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੂਸਰੀ ਕਿਸ਼ਤ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਸੂਬਿਆਂ ਵਿੱਚ ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ, ਤੇਲੰਗਾਨਾ, ਆਂਧਰਾ ਪ੍ਰਦੇਸ਼, ਗੋਆ, ਗੁਜਰਾਤ, ਕਰਨਾਟਕ, ਕੇਰਲਾ, ਪੰਜਾਬ, ਤਾਮਿਲਨਾਡੂ, ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਮਣੀਪੁਰ, ਮਿਜ਼ੋਰਮ ਅਤੇ ਸਿੱਕਮ ਸ਼ਾਮਲ ਹਨ। ਹਰੇਕ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ ਉਥੇ ਕੋਰੋਨਾ ਸਥਿਤੀ ਦੇ ਅਧਾਰ 'ਤੇ ਅਲਾਟ ਕੀਤੀ ਗਈ ਹੈ।

ਮੰਤਰਾਲੇ ਦੇ ਅਨੁਸਾਰ ਇਸ ਕਿਸ਼ਤ ਦੀ ਵਰਤੋਂ ਟੈਸਟਿੰਗ, ਆਰਟੀ-ਪੀਸੀਆਰ, ਮਸ਼ੀਨਾਂ ਦੀ ਖਰੀਦ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਅਤੇ ਆਈਸੀਯੂ ਵਿੱਚ ਬੈੱਡਾਂ ਦੀ ਗਿਣਤੀ ਵਧਾਉਣ, ਆਕਸੀਜਨ ਜਨਰੇਟਰ ਲਗਾਉਣ ਅਤੇ ਆਕਸੀਜਨ ਖਰੀਦਣ ਲਈ ਵਰਤੀ ਜਾਏਗੀ। ਇਸ ਸਹਾਇਤਾ ਨਾਲ ਜਨਤਕ ਸਿਹਤ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 15,000 ਕਰੋੜ ਰੁਪਏ ਦੇ ਕੋਵਿਡ-19 ਐਮਰਜੈਂਸੀ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜ ਦਾ ਐਲਾਨ ਕੀਤਾ ਸੀ।

ਪਹਿਲੀ ਕਿਸ਼ਤ ਵਜੋਂ ਤਿੰਨ ਹਜ਼ਾਰ ਕਰੋੜ ਰੁਪਏ ਅਪ੍ਰੈਲ ਵਿੱਚ ਜਾਰੀ ਕੀਤੇ ਗਏ ਸਨ। ਇਸ ਮਦਦ ਨਾਲ 5,80,342 ਆਮ ਬੈੱਡ, 1,36,068 ਆਕਸੀਜਨ ਨਾਲ ਲੈਸ ਬੈੱਡ ਅਤੇ 31,255 ਆਈਸੀਯੂ ਸਹੂਲਤ ਵਾਲੇ ਬੈੱਡ ਉਪਲਬਧ ਕਰਵਾਏ ਗਏ ਹਨ। ਇਹੋ ਨਹੀਂ, ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵੀ ਇਸ ਸਹਾਇਤਾ ਨਾਲ 86,88,357 ਟੈਸਟ ਕਿੱਟਾਂ ਅਤੇ 79,88,366 ਵਾਇਲ ਟਰਾਂਸਪੋਰਟ ਮੀਡੀਆ (Vial Transport Media, VTM) ਖਰੀਦੇ ਹਨ। ਇੰਨਾ ਹੀ ਨਹੀਂ, 96,557 ਜਵਾਨਾਂ ਨੂੰ ਮਨੁੱਖੀ ਸਰੋਤਾਂ ਵਜੋਂ ਵੀ ਉਪਲਬਧ ਕਰਾਇਆ ਗਿਆ ਹੈ।

Posted By: Tejinder Thind