ਪੁਣਛ, ਜੇਐੱਨਐੱਨ : ਜ਼ਿਲ੍ਹਾ ਪੁਣਛ 'ਚ ਇਕ ਵਾਰ ਫਿਰ ਜੰਗਬੰਦੀ ਦਾ ਉਲੰਘਣ ਕਰਦੇ ਹੋਏ ਪਾਕਿਸਤਾਨੀ ਫ਼ੌਜੀਆਂ ਨੇ ਸ਼ਾਹਪੁਰ, ਕਸਬਾ, ਕੇਰਨੀ, ਵਨਪਤ ਅਤੇ ਟੋਗਰੀ ਸੈਕਟਰ 'ਚ ਭਾਰਤੀ ਚੌਕੀਆਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲ਼ੇ ਦਾਗੇ। ਪਹਿਲਾਂ ਤਾਂ ਪਾਕਿਸਤਾਨੀ ਫ਼ੌਜੀਆਂ ਨੇ ਹਲਕੇ ਹਥਿਆਰਾਂ ਦੀ ਵਰਤੋਂ ਕੀਤੀ ਪਰੰਤੂ ਜਦੋਂ ਭਾਰਤੀ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਤਾਂ ਉਨ੍ਹਾਂ ਨੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਰਟਾਰ ਦਾਗਣੇ ਸ਼ੁਰੂ ਕਰ ਦਿੱਤੇ।

ਅਚਾਨਕ ਕੀਤੀ ਗਈ ਇਸ ਗੋਲ਼ਾਬਾਰੀ 'ਚ ਇਕ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਸੱਤ ਜਣੇ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਦੀ ਪਛਾਣ 16 ਸਾਲਾ ਸ਼ੋਇਬ ਅਹਿਮਦ, ਜਦੋਂਕਿ ਔਰਤ ਦੀ ਪਛਾਣ 35 ਸਾਲਾ ਗੁਲਨਾਜ਼ ਅਖ਼ਤਰ ਪਤਨੀ ਤਾਰਿਕ ਹੁਸੈਨ ਵਜੋਂ ਹੋਈ ਹੈ। ਇਸ ਤੋਂ ਇਲਾਵਾ ਸੱਤ ਜਣੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਪੁਣਛ ਦੇ ਸੁਖਦੇਵ ਸਿੰਘ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਮੰਗਲਵਾਰ ਦੁਪਹਿਰ 2:30 ਵਜੇ ਦੇ ਕਰੀਬ ਅਚਾਨਕ ਗੋਲ਼ਾਬਾਰੀ ਦਾ ਸਿਲਸਿਲਾ ਸ਼ੁਰੂ ਹੋਇਆ। ਪਾਕਿਸਤਾਨੀ ਫ਼ੌਜੀਆਂ ਨੇ ਹਰ ਵਾਰ ਵਾਂਗ ਪਹਿਲਾਂ ਤਾਂ ਹਲਕੇ ਹਥਿਆਰਾਂ ਦੀ ਵਰਤੋਂ ਕੀਤੀ ਅਤੇ ਉਸ ਤੋਂ ਬਾਅਦ ਰਿਹਾਇਸ਼ੀ ਇਲਾਕਿਆਂ 'ਤੇ ਵੀ ਮੋਰਟਾਰ ਦਾਗਣੇ ਸ਼ੁਰੂ ਕਰ ਦਿੱਤੇ। ਇਕ ਔਰਤ ਜੋ ਆਪਣੇ ਬੱਚੇ ਨੂੰ ਸਕੂਲ ਲੈਣ ਲਈ ਜਾ ਰਹੀ, ਗੋਲ਼ਾਬਾਰੀ ਦੀ ਲਪੇਟ 'ਚ ਆ ਗਈ। ਇਸ 'ਚ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਇਸੇ ਦੌਰਾਨ ਇਕ ਹੋਰ ਮੋਰਟਾਰ ਮਕਾਨ ਦੀ ਛੱਤ ਨੂੰ ਪਾੜਦਾ ਹੋਇਆ ਕਮਰੇ ਦੇ ਅੰਦਰ ਆ ਫਟਿਆ ਜਿਸ 'ਚ ਅੱਜ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ।

ਉੱਧਰ, ਜ਼ਖ਼ਮੀਆਂ ਦੀ ਪਛਾਣ ਸ਼ੈਨ ਅਖ਼ਤਰ ਪਤਨੀ ਗੁਲਜ਼ਾਰ ਨਿਵਾਸੀ ਮੰਝਾਕੋਟ, ਮੁਨੀਰ ਹੁਸੈਨ, ਸ਼ੋਇਬ ਅਹਿਮਦ, ਮੁਹੰਮਦ ਅਯੂਬ, ਟੇਹਾਨ ਅਹਿਮਦ, ਨਜ਼ੀਰ ਹੁਸੈਨ ਅਤੇ ਫਾਤਿਮਾ ਬੀ ਦੇ ਰੂਪ 'ਚ ਹੋਈ ਹੈ।

ਪਾਕਿਸਤਾਨ ਪਿਛਲੇ ਅੱਠ ਦਿਨਾਂ ਤੋਂ ਲਗਾਤਾਰ ਜ਼ਿਲ੍ਹਾ ਪੁਣਛ ਦੇ ਕਸਬਾ, ਕੇਰਨੀ ਅਤੇ ਸ਼ਾਹਪੁਰ 'ਚ ਜੰਗਬੰਦੀ ਦਾ ਉਲੰਘਣ ਕਰ ਰਿਹਾ ਹੈ। ਬੀਐੱਸਐੱਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਫ਼ੌਜੀ ਇਹ ਗੋਲ਼ਾਬਾਰੀ ਅੱਤਵਾਦੀਆਂ ਦੀ ਇਸ ਵੱਲ ਘੁਸਪੈਠ ਕਰਵਾਉਣ ਲਈ ਕਰ ਰਹੇ ਹਨ। ਭਾਰਤੀ ਜਵਾਨ ਹਰ ਸਥਿਤੀ ਨਾਲ ਨਜਿੱਠਣ ਲਈ ਸਮਰੱਥ ਹਨ।

Posted By: Jagjit Singh