ਨਈ ਦੁਨੀਆ, ਨਵੀਂ ਦਿੱਲੀ : CBSE Exam 2020 : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਬੋਰਡ ਨਵੇਂ ਨਿਯਮ ਲਾਗੂ ਕਰੇਗਾ। ਇਸ ਤਹਿਤ ਪ੍ਰੀਖਿਆਰਥੀਆਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਰਹਿਣਗੀਆਂ। ਅਜਿਹੇ ਵਿਚ ਉਨ੍ਹਾਂ ਨੂੰ ਕਈ ਗੱਲਾਂ ਦਾ ਧਿਆਵ ਰੱਖਣਾ ਪਵੇਗਾ। ਪ੍ਰੀਖਿਆਰਥੀ ਇਸ ਵਾਰ ਘੜੀ ਪਹਿਨ ਕੇ ਵੀ ਨਹੀਂ ਜਾ ਸਕਣਗੇ। ਸਮਾਂ ਦੇਖਣ ਲਈ ਹਰੇਕ ਪ੍ਰੀਖਿਆ ਕੇਂਦਰ 'ਚ ਕੰਧ 'ਤੇ ਘੜੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਵੀ ਕਈ ਨਵੇਂ ਨਿਯਮ ਲਾਗੂ ਹੋਣਗੇ ਜਿਨ੍ਹਾਂ ਦੀ ਜਾਣਕਾਰੀ ਅਗਲੇ ਕੁਝ ਦਿਨਾਂ 'ਚ CBSE ਬੋਰਡ ਵੱਲੋਂ ਦਿੱਤੀ ਜਾਵੇਗੀ। ਦੱਸ ਦੇਈਏ ਕਿ ਬੋਰਡ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ।

ਇਹ ਕੁਝ ਨਿਯਮ ਲਾਗੂ ਹੋਣਗੇ

CBSE ਬੋਰਡ ਨੇ ਪ੍ਰੀਖਿਆਵਾਂ ਸਬੰਧੀ ਨਵੇਂ ਨਿਯਮਾਂ ਦੀ ਜਾਣਕਾਰੀ ਸਾਰੇ ਕੇਂਦਰ ਸੁਪਰਡੈਂਟਸ ਨੂੰ ਦਿੱਤੀ ਹੈ ਤੇ ਉਸੇ ਮੁਤਾਬਿਕ ਵਿਵਸਥਾ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ। ਨਵੇਂ ਨਿਯਮਾਂ ਤਹਿਤ ਪ੍ਰੀਖਿਆਰਥੀਆਂ ਦੇ ਘੜੀ ਬੰਨ੍ਹਣ 'ਤੇ ਪਾਬੰਦੀ ਰਹੇਗੀ। ਹੁਣ ਤਕ ਇਹ ਪਾਬੰਦੀ ਸਿਰਫ਼ ਪ੍ਰਤੀਯੋਗੀ ਪ੍ਰੀਖਿਆਵਾਂ 'ਚ ਹੁੰਦੀ ਸੀ ਪਰ ਹੁਣ ਸੀਬੀਐੱਸਈ ਬੋਰਡ ਪ੍ਰੀਖਿਆਵਾਂ 'ਚ ਵੀ ਇਹ ਲਾਗੂ ਹੋਵੇਗੀ। ਇਸ ਤੋਂ ਇਲਾਵਾ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਦੇ 10 ਮਿੰਟ ਪਹਿਲਾਂ ਤਕ ਸੈਂਟਰ 'ਚ ਐਂਟਰੀ ਮਿਲੇਗੀ, ਉੱਥੇ ਹੀ ਪ੍ਰੀਖਿਆਰਥੀ ਇਸ ਵਾਰ ਪਾਰਦਰਸ਼ੀ ਜੁਰਾਬਾਂ ਪਹਿਨ ਕੇ ਜਾ ਸਕਣਗੇ। ਸੈਂਟਰ 'ਚ ਸਿਰਫ਼ ਐਡਮਿਟ ਕਾਰਡ ਤੇ ਪੈੱਨ ਨਾਲ ਹੀ ਪ੍ਰੀਖਿਆਰਥੀ ਨੂੰ ਐਂਟਰੀ ਮਿਲੇਗੀ।

ਸਾਰੇ ਕੇਂਦਰ ਜੀਓ ਮੈਪਿੰਗ ਨਾਲ ਟੈਗ

CBSE ਬੋਰਡ ਤੋਂ ਮਿਲੀ ਜਾਣਕਾਰੀ ਮੁਤਾਬਿਕ ਪ੍ਰੀਖਿਆਰਥੀਆਂ ਦੀ ਸਹੂਲਤ ਲਈ ਸਾਰੇ ਪ੍ਰੀਖਿਆ ਕੇਂਦਰਾਂ ਨੂੰ ਜੀਓ ਮੈਪਿੰਗ ਨਾਲ ਟੈਗ ਕੀਤਾ ਗਿਆ ਹੈ। ਇਸ ਨਾਲ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਲੱਭਣ 'ਚ ਆਸਾਨੀ ਹੋਵੇਗੀ। ਐਡਮਿਟ ਕਾਰਡ (ਪ੍ਰਵੇਸ਼ ਪੱਤਰ) 'ਚ ਲਿਖੇ ਪ੍ਰੀਖਿਆ ਕੇਂਦਰ ਦਾ ਨਾਂ ਜੀਓ ਮੈਪਿੰਗ 'ਚ ਭਰਦੇ ਹੀ ਉਸ ਦਾ ਰਾਹ ਪ੍ਰੀਖਿਆਰਥੀ ਨੂੰ ਪਤਾ ਚੱਲ ਜਾਵੇਗਾ। ਇਹ ਸਹੂਲਤ ਕਾਫ਼ੀ ਮਹੱਤਵਪੂਰਨ ਹੈ ਕਿਉਂਕਿ ਅਕਸਰ ਸੈਂਟਰ ਦੀ ਭਾਲ 'ਚ ਵਿਦਿਆਰਥੀ ਸੈਂਟਰ ਦੇਰੀ ਨਾਲ ਪਹੁੰਚਦੇ ਸਨ।

ਆਬਜ਼ਰਵਰ ਤਾਇਨਾਤ ਹੋਣਗੇ

ਪ੍ਰੈਕਟੀਕਲ ਪੇਪਰਾਂ ਦੀ ਤਰ੍ਹਾਂ ਇਸ ਵਾਰ ਬੋਰਡ ਨੇ ਸਿਧਾਂਤਕ ਪ੍ਰੀਖਿਆ ਲਈ ਆਬਜ਼ਰਵਰਾਂ ਦੀ ਟੀਮ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਟੀਮ ਪ੍ਰੀਖਿਆ ਕੇਂਦਰਾਂ 'ਚ ਕਿਸੇ ਵੀ ਤਰ੍ਹਾਂ ਦੀ ਗੜਬੜ ਫੜਨ ਲਈ ਐਗਜ਼ਾਮ ਦੌਰਾਨ ਅਚਨਚੇਤ ਨਿਰੀਖਣ ਲਈ ਪਹੁੰਚੇਗੀ। ਗੜਬੜੀ ਮਿਲਣ ਦੀ ਸ਼ਿਕਾਇਤ ਤੁਰੰਤ ਬੋਰਡ ਨੂੰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਕਾਰਵਾਈ ਦੀ ਰੂਪਰੇਖਾ ਤਿਆਰ ਹੋਵੇਗੀ।

ਸਾਰੇ ਕੇਂਦਰ ਜੁੜਨਗੇ ਆਨਲਾਈਨ

ਸੀਬੀਐੱਸਈ ਬੋਰਡ ਨੇ ਇਸ ਵਾਰ ਇਕ ਨਵੀਂ ਵਿਵਸਥਾ ਲਾਗੂ ਕੀਤੀ ਹੈ। ਸਾਰੇ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟਸ ਦੇ ਮੋਬਾਈਲ ਜ਼ੀਰੋ ਮੈਪਿੰਗ ਨਾਲ ਜੋੜੇ ਜਾਣਗੇ। ਇਸ ਦੇ ਜ਼ਰੀਏ ਬੋਰਡ ਦੇ ਨਿਰਦੇਸ਼ ਉਨ੍ਹਾਂ ਤਕ ਪਹੁੰਚ ਸਕਣਗੇ। ਹਾਲਾਂਕਿ ਜ਼ੀਰੋ ਮੈਪਿੰਗ ਦਾ ਇਹ ਕੰਮ ਪ੍ਰੀਖਿਆ ਸ਼ੁਰੂ ਹੋਣ ਤੋਂ 2 ਘੰਟੇ ਪਹਿਲਾਂ ਹੋਵੇਗਾ। ਇਸ ਤੋਂ ਬਾਅਦ ਸਾਰੇ ਪ੍ਰੀਖਿਆ ਕੇਂਦਰ ਬੋਰਡ ਹੈੱਡ ਕੁਆਰਟਰ ਨਾਲ ਆਨਲਾਈਨ ਜੁੜ ਜਾਣਗੇ। ਇਨ੍ਹਾਂ ਜ਼ਰੀਏ ਸਾਰੇ ਸੈਂਟਰ ਸੁਪਰਡੈਂਟ ਬੋਰਡ ਨੂੰ ਪ੍ਰੀਖਿਆ ਸਬੰਧੀ ਜਾਣਕਾਰੀਆਂ ਸਾਂਝੀਆਂ ਕਰਨਗੇ। ਇਸ ਤਹਿਤ ਉਹ ਬੋਰਡ ਨੂੰ ਦੱਸਣਗੇ ਕਿ ਕਿੰਨੇ ਵਜੇ ਪ੍ਰਸ਼ਨ ਪੱਤਰ ਖੋਲ੍ਹੇ ਗਏ ਤੇ ਬੱਚਿਆਂ ਨੂੰ ਆਂਸਰ ਸ਼ੀਟਸ ਕਿੰਨੇ ਵਜੇ ਦਿੱਤੀਆਂ ਗਈਆਂ। ਅਜਿਹੀ ਜ਼ਰੂਰੀ ਜਾਣਕਾਰੀ ਬੋਰਡ ਤਕ ਆਨਲਾਈਨ ਹੀ ਪਹੁੰਚੇਗੀ। ਇਸ ਤੋਂ ਇਲਾਵਾ ਸੈਂਟਰ ਸੁਪਰਡੈਂਟ ਆਪਣੀਆਂ ਪਰੇਸ਼ਾਨੀਆਂ ਨੂੰ ਇਸੇ ਜ਼ਰੀਏ ਬੋਰਡ ਹੈੱਡਕੁਆਰਟਰ ਨਾਲ ਸਾਂਝੀਆਂ ਕਰੇਗਾ ਤੇ ਬੋਰਡ ਵੱਲੋਂ ਤੁਰੰਤ ਇਨ੍ਹਾਂ ਦਾ ਹੱਲ ਕੀਤਾ ਜਾਵੇਗਾ।

Posted By: Seema Anand