ਨਵੀਂ ਦਿੱਲੀ : ਕੇਂਦਰੀ ਮਾਧਮਿਕ ਸਿੱਖਿਆ ਬੋਰਡ (Central Board of Secondary Education) ਨੇ ਵਿਦਿਅਕ ਸੈਸ਼ਨ 2019-20 ਤੋਂ 12ਵੀਂ ਦੇ ਗਣਿਤ ਤੇ ਅੰਗਰੇਜ਼ੀ ਕੋਰ ਦੇ ਪ੍ਰਸ਼ਨ ਪੱਤਰ ਵਿਚ ਵੱਡੇ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਹੈ। ਦੋਵਾਂ ਵਿਸ਼ਿਆਂ ਵਿਚ ਅਗਲੇ ਸਾਲ ਤੋਂ 20 ਅੰਕਾਂ ਦੀ ਅੰਦਰੂਨੀ ਮੁਲਾਂਕਣ (ਇੰਟਰਨਲ ਅਸੈੱਸਮੈਂਟ) ਹੋਵੇਗੀ। ਦੋਵਾਂ ਦੇ ਪ੍ਰਸ਼ਨ ਪੱਤਰਾਂ 'ਚ ਇਕ ਅੰਕ ਦੇ ਪ੍ਰਸ਼ਨਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਇਕ ਅੰਕ ਦੇ 20 ਸਵਾਲ ਪੁੱਛੇ ਜਾਣਗੇ। ਦੋਵਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰ 100 ਦੀ ਜਗ੍ਹਾ 80 ਅੰਕ ਦੇ ਹੋਣਗੇ। ਬੋਰਡ ਨੇ ਸਾਰੇ ਸਬੰਧਤ ਸਕੂਲਾਂ ਨੂੰ ਇਸ ਸਬੰਧ ਵਿਚ ਸੂਚਨਾ ਦੇ ਦਿੱਤੀ ਹੈ।

ਉੱਥੇ ਬੋਰਡ ਨੇ ਦਸਵੀਂ ਤੇ 12ਵੀਂ ਜਮਾਤ ਦੀਆਂ ਸਾਰੀਆਂ ਭਾਸ਼ਾਵਾਂ (ਲੈਂਗਵੇਜ) ਦੇ ਵਿਸ਼ਿਆਂ ਤੇ ਹੋਰਨਾਂ ਵਿਸ਼ਿਆਂ ਦੇ ਸਿਲੇਬਸ ਵਿਚ ਵੀ ਬਦਲਾਅ ਕੀਤਾ ਹੈ। ਇਸ ਦੀ ਸੂਚਨਾ ਵੈੱਬਸਾਈਟ 'ਤੇ ਦੇ ਦਿੱਤੀ ਹੈ। ਸੂਕਲਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਦੀ ਪਾਲਣ ਕਰਨ। ਗਣਿਤ ਦੇ ਪ੍ਰਸ਼ਨ ਪੱਤਰ ਵਿਚ ਹੋਏ ਇਹ ਬਦਲਾਅ ਜਮਾਤ 12ਵੀਂ ਦੇ ਗਣਿਤ ਦੇ ਪ੍ਰਸ਼ਨ ਪੱਤਰ 'ਚ ਹੁਣ ਤਕ ਇਕ ਅੰਕ ਦੇ 4 ਸਵਾਲ, 2 ਅੰਕਾਂ ਦੇ 8 ਸਵਾਲ, 4 ਅੰਕਾਂ ਦੇ 11 ਸਵਾਲ ਅਤੇ 6 ਅੰਕਾਂ ਦੇ 6 ਸਵਾਲ ਆਉਂਦੇ ਸਨ। ਯਾਨੀ 100 ਨੰਬਰ ਦੇ ਪੇਪਰ ਵਿਚ 29 ਸਵਾਲ ਆਉਂਦੇ ਸਨ ਜਿਨ੍ਹਾਂ ਨੂੰ ਵਿਦਿਆਰਥੀਆਂ ਨੇ ਤਿੰਨ ਘੰਟੇ 'ਚ ਹੱਲ ਕਰਨਾ ਹੁੰਦਾ ਸੀ।

ਬੋਰਡ ਨੇ ਮਾਰਚ 2020 ਤੋਂ ਹੋਣ ਵਾਲੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਦੇ ਫਾਰਮੈਟ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹੁਣ ਪ੍ਰਸ਼ਨ ਪੱਤਰ ਵਿਚ ਇਕ ਅੰਕ ਦੇ 20 ਸਵਾਲ, 2 ਅੰਕ ਦੇ 6 ਸਵਾਲ, 4 ਅੰਕ ਦੇ 6 ਸਵਾਲ ਅਤੇ 6 ਅੰਕ ਦੇ 4 ਸਵਾਲ ਆਉਣਗੇ। ਪੇਪਰ 80 ਅੰਕਾਂ ਦਾ ਹੋਵੇਗਾ, ਜਿਸ ਵਿਚ ਕੁੱਲ 36 ਸਵਾਲ ਆਉਣਗੇ ਅਤੇ ਤਿੰਨ ਘੰਟੇ ਦਾ ਸਮਾਂ ਮਿਲੇਗਾ। ਇਸ ਬਦਲਾਅ ਤਹਿਤ ਇਕ ਅੰਕ ਦੇ ਸਵਾਲਾਂ ਦੀ ਗਿਣਤੀ 4 ਤੋਂ ਵਧ ਕੇ 20 ਹੋ ਗਈ ਹੈ।

ਅੰਗਰੇਜ਼ੀ ਕੋਰ ਵਿਚ ਪਹਿਲੀ ਵਾਰ MCQ ਆਉਣਗੇ। 12ਵੀਂ ਦੇ ਅੰਗਰੇਜ਼ੀ ਕੋਰ ਵਿਸ਼ੇ ਦੇ ਪ੍ਰਸ਼ਨ ਪੱਤਰ ਵਿਚ ਹੁਣ ਤਕ ਭਾਗ-ਏ (ਰੀਡਿੰਗ ਕੰਪਰੀਹਨਸ਼ਨ) 30 ਨੰਬਰਾਂ ਦਾ ਆਉਂਦਾ ਸੀ। ਹੁਣ ਭਾਗ-ਏ ਨੂੰ 20 ਅੰਕਾਂ ਦਾ ਕਰ ਦਿੱਤਾ ਗਿਆ ਹੈ। ਭਾਗ-ਬੀ, ਐਡਵਾਂਸਡ ਰਾਈਟਿੰਗ ਸਕਿੱਲਜ਼ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਭਾਗ ਵਿਚ ਪਹਿਲਾਂ ਵਾਂਗ ਹੀ 30 ਅੰਕਾਂ ਦੇ ਚਾਰ ਪ੍ਰਸ਼ਨ ਪੁੱਛੇ ਜਾਣਗੇ।

ਭਾਗ-ਸੀ (ਪਾਠ-ਪੁਸਤਕ) ਦੇ ਅੰਕਾਂ ਨੂੰ 40 ਤੋਂ ਘਟਾ ਕੇ 30 ਕਰ ਦਿੱਤਾ ਗਿਆ ਹੈ। ਇਸ ਹਿੱਸੇ ਵਿਚ ਛੇ ਅੰਕਾਂ ਦੇ ਪ੍ਰਸ਼ਨਾਂ ਦੀ ਗਿਣਤੀ 4 ਤੋਂ ਘਟਾ ਕੇ 2 ਕਰ ਦਿੱਤੀ ਗਈ। ਪਹਿਲਾਂ ਅੰਗਰੇਜ਼ੀ ਕੋਰ ਦੇ 100 ਅੰਕਾਂ ਦੇ ਪ੍ਰਸ਼ਨ ਪੱਤਰ ਵਿਚ ਵਿਦਿਆਰਥੀਆਂ ਨੇ 35 ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਸੀ। ਉੱਥੇ ਹੁਣ 80 ਅੰਕਾਂ ਦੇ ਪ੍ਰਸ਼ਨ ਪੱਤਰ ਵਿਚ 33 ਪ੍ਰਸ਼ਨਾਂ ਦੇ ਜਵਾਬ ਦੇਣੇ ਹੋਣਗੇ ਜਿਨ੍ਹਾਂ ਵਿਚੋਂ 20 ਪ੍ਰਸ਼ਨ ਇਕ-ਇਕ ਅੰਕ ਦੇ ਹੋਣਗੇ। ਪਹਿਲੀ ਵਾਰ MCQ ਸਵਾਲ ਪੁੱਛੇ ਜਾਣਗੇ।

Posted By: Seema Anand