ਜੇਐੱਨਐੱਨ, ਨਵੀਂ ਦਿੱਲੀ : ਸੀਬੀਐਸਈ ਵੱਲੋਂ 10ਵੀਂ ਦੇ ਵਿਦਿਆਰਥੀਆਂ ਨੂੰ 2020 ਤੋਂ ਗਣਿਤ ਦੀ ਪ੍ਰੀਖਿਆ ਲਈ ਦੋ ਪੇਪਰਾਂ ਦਾ ਬਦਲ ਦਿੱਤਾ ਜਾਵੇਗਾ। ਇਸ ਤਹਿਤ ਜਿਹੜੇ ਵਿਦਿਆਰਥੀ ਸੌਖਾ ਪੇਪਰ ਹੱਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬੁਨਿਆਦੀ ਪੱਧਰ ਦ ਪੇਪਰ ਦਿੱਤਾ ਜਾਵੇਗਾ। ਉੱਥੇ ਹੀ 11ਵੀਂ ਤੇ 12ਵੀਂ 'ਚ ਗਣਿਤ ਦੀ ਪੜ੍ਹਾਈ ਕਰਨ ਵਾਲਿਆਂ ਨੂੰ ਸਟੈਂਡਰਡ ਪੱਧਰ ਦਾ ਪੇਪਰ ਦਿੱਤਾ ਜਾਵੇਗਾ। ਹਾਲਾਂਕਿ ਦੋਵੇਂ ਪੇਪਰ ਇਕ ਹੀ ਸਿਲੇਬਸ 'ਤੇ ਆਧਾਰਿਤ ਹੋਣਗੇ। ਸੀਬੀਐੱਸਈ ਨੇ ਇਸ ਸਬੰਧੀ ਸਰਕੂਲਰ ਜਾਰੀ ਕਰ ਦਿੱਤਾ ਹੈ।

ਸੀਬੀਐੱਸਈ ਦੇ ਡਾਇਰੈਕਟਰ (ਅਕਾਦਮਿਕ) ਡਾ. ਜੋਸਫ ਇਮੈਨੁਅਲ ਨੇ ਦੱਸਿਆ ਕਿ ਐੱਨਸੀਐੱਫ-2005 'ਚ ਵੀ ਇਸ ਵਿਸ਼ੇ ਦੀ ਦੋ ਪੱਧਰੀ ਪ੍ਰੀਖਿਆ ਦਾ ਜ਼ਿਕਰ ਕੀਤਾ ਗਿਆ ਸੀ ਤਾਂ ਜੋ ਵਿਦਿਆਰਥੀਆਂ ਨੂੰ ਬਦਲ ਮਿਲ ਸਕੇ। ਇਸ ਨਾਲ ਵਿਦਿਆਰਥੀਆਂ 'ਚ ਤਣਾਅ ਘਟਾਉਣ 'ਚ ਮਦਦ ਮਿਲੇਗੀ। ਇਸੇ ਦੇ ਮੱਦੇਨਜ਼ਰ ਦਸਵੀਂ 'ਚ ਗਣਿਤ ਦੇ ਦੋ ਪੱਧਰੀ ਪ੍ਰਸ਼ਨ ਪੱਤਰਾਂ ਦਾ ਫ਼ੈਸਲਾ ਲਿਆ ਗਿਆ ਹੈ। ਮੌਜੂਦਾ ਸਿਲੇਬਸ ਦੇ ਆਧਾਰ 'ਤੇ ਸਟੈਂਡਰਡ ਤੇ ਬੇਸਿਕ ਪੱਧਰ ਦੇ ਪੇਪਰ ਤਿਆਰ ਕੀਤੇ ਜਾਣਗੇ। ਇਸ 'ਚ ਹਰ ਬੱਚੇ ਨੂੰ ਇਕ ਪੇਪਰ ਦਾ ਬਦਲ ਚੁਣਨਾ ਪਵੇਗਾ।

ਇਹ ਬਦਲ ਵੀ ਮਿਲੇਗਾ

ਸੀਬੀਐੱਸਈ ਮੁਤਾਬਕ 10ਵੀਂ ਦੇ ਬੱਚਿਆਂ ਨੇ 11ਵੀਂ 'ਚ ਗਣਿਤ ਦਾ ਵਿਸ਼ਾ ਲੈਣ ਹੈ ਤਾਂ ਉਨ੍ਹਾਂ ਨੂੰ ਗਣਿਤ ਦਾ ਸਟੈਂਡਰਡ ਪੇਪਰ ਦੇਣਾ ਪਵੇਗਾ ਤੇ ਇਸ 'ਚ ਪਾਸ ਹੋਣਾ ਜ਼ਰੂਰੀ ਹੋਵੇਗਾ। ਉੱਥੇ ਹੀ ਜੇਕਰ ਕੋਈ ਵਿਦਿਆਰਥੀ 10ਵੀਂ ਬੋਰਡ 'ਚ ਬੇਸਿਕ ਪੇਪਰ ਪਾਸ ਕਰ ਲੈਂਦਾ ਹੈ, ਤਾਂ ਉਸ ਕੋਲ ਕੰਪਾਰਟਮੈਂਟ ਪ੍ਰੀਖਿਆ 'ਚ ਸਟੈਂਡਰਡ ਪੱਧਰ ਦੇ ਪੇਪਰ ਨੂੰ ਪਾਸ ਕਰਨ ਦਾ ਵੀ ਮੌਕਾ ਹੋਵੇਗਾ। ਉੱਥੇ ਹੀ ਸਟੈਂਡਰਡ ਪੱਧਰ ਦੇ ਪੇਪਰ 'ਚ ਫੇਲ੍ਹ ਹੋਣ ਵਾਲੇ ਵਿਦਿਆਰਥੀ ਕੰਪਾਰਟਮੈਂਟ ਪ੍ਰੀਖਿਆ 'ਚ ਬੇਸਿਕ ਪੱਧਰ ਦਾ ਪੇਪਰ ਵੀ ਦੇ ਸਕਣਗੇ।

ਇਕ ਹੀ ਜਮਾਤ 'ਚ ਹੋਵੇਗੀ ਪੜ੍ਹਾਈ

ਡਾ. ਜੋਸਫ ਨੇ ਦੱਸਿਆ ਕਿ ਪੇਪਰ ਬੇਸ਼ੱਕ ਦੋ ਪੱਧਰ 'ਤੇ ਹੋਣਗੇ, ਪਰ ਇਸ ਲਈ ਪੜ੍ਹਾਈ ਇਕ ਹੀ ਜਮਾਤ 'ਚ ਹੋਵੇਗੀ। ਯਾਨੀ ਸਟੈਂਡਰਡ ਤੇ ਬੇਸਿਕ ਪੱਧਰ ਦਾ ਪੇਪਰ ਦੇਣ ਵਾਲੇ ਸਾਰੇ ਵਿਦਿਆਰਥੀ ਇਕ ਹੀ ਜਮਾਤ 'ਚ ਪੜ੍ਹਾਈ ਕਰਨਗੇ।

ਕੀ ਹੋਵੇਗਾ ਦੋਵਾਂ 'ਚ ਫ਼ਰਕ

ਸਟੈਂਡਰਡ ਪੱਧਰ ਦਾ ਪੇਪਰ ਉਹੀ ਰਹੇਗਾ ਜਿਹੜਾ ਮੌਜੂਦਾ ਸਮੇਂ 'ਚ ਆਉਂਦਾ ਹੈ। ਇਸ 'ਚ ਉÎੱਚ ਗਣਿਤ ਸਮਰੱਥਾ ਜਾਂਚਣ ਲਈ ਸਵਾਲ ਪੁੱਛੇ ਜਾਣਗੇ। ਉੱਥੇ ਹੀ ਬੇਸਿਕ ਪੱਧਰ ਦੇ ਪੇਪਰ 'ਚ ਗਣਿਤ ਦੀ ਆਮ ਜਾਣਕਾਰੀ ਜਾਂਚਣ ਲੀ ਸਵਾਲ ਆਉਣਗੇ।

ਨੌਵੀਂ 'ਚ ਨਹੀਂ ਲਾਗੂ ਹੋਵੇਗਾ

ਬੋਰਡ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨੌਵੀਂ ਜਮਾਤ 'ਚ ਨਹੀਂ ਹੋਵੇਗਾ। ਨੌਵੀਂ 'ਚ ਗਣਿਤ ਦਾ ਇਕ ਹੀ ਪੇਪਰ ਹੋਵੇਗਾ। ਜਿਹੋ ਜਿਹਾ ਅਜੇ ਆਉਂਦਾ ਹੈ।

ਨਵੰਬਰ 2019 'ਚ ਅਰਜ਼ੀ ਦੇਣ ਨਾਲ ਮਿਲੇਗਾ ਬਦਲ

ਉਮੀਦ ਕੀਤੀ ਜਾ ਰਹੀ ਹੈ ਕਿ ਨਵੰਬਰ 2019 ਤਕ ਵਿਦਿਆਰਥੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋਵੇਗੀ। ਉਸ ਸਮੇਂ ਗਣਿਤ ਦੇ ਬੇਸਿਕ ਤੇ ਸਟੈਂਡਰਡ ਪੱਧਰ ਦੇ ਪੇਪਰ ਲਈ ਬਦਲ ਚੁਣਨ ਲਈ ਅਰਜ਼ੀ ਦੇਣੀ ਪਵੇਗੀ।