ਸਟੇਟ ਬਿਊਰੋ (ਪਟਨਾ) : ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਸੀਬੀਆਈ ਨੇ ਐੱਫਆਈਆਰ ਦਰਜ ਕਰ ਲਈ ਹੈ। ਬਿਹਾਰ ਸਰਕਾਰ ਦੀ ਅਪੀਲ 'ਤੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਦਿੱਲੀ ਸਥਿਤ ਸੀਬੀਆਈ ਬ੍ਰਾਂਚ 'ਚ ਵੀਰਵਾਰ ਸ਼ਾਮ ਨੂੰ ਐੱਫਆਈਆਰ ਦਰਜ ਕੀਤੀ ਗਈ। ਇਹ ਜਾਣਕਾਰੀ ਸੀਬੀਆਈ ਦੇ ਬੁਲਾਰੇ ਆਰਕੇ ਗੌੜ ਨੇ ਫੋਨ 'ਤੇ ਦਿੱਤੀ।

ਸੀਬੀਆਈ ਨੇ ਆਪਣੀ ਐੱਫਆਈਆਰ ਪਟਨਾ 'ਚ ਦਰਜ ਐੱਫਆਈਆਰ ਦੇ ਆਧਾਰ 'ਤੇ ਕੀਤੀ ਹੈ। ਬਿਊਰੋ ਨੇ ਇਸ ਮਾਮਲੇ 'ਚ ਰਿਆ ਚੱਕਰਵਰਤੀ, ਉਨ੍ਹਾਂ ਦੇ ਪਿਤਾ ਇੰਦਰਜੀਤ ਚੱਕਰਵਰਤੀ, ਮਾਂ ਸੰਧਿਆ ਚੱਕਰਵਰਤੀ, ਭਰਾ ਸ਼ੋਭਿਕ ਚੱਕਰਵਰਤੀ ਦੇ ਨਾਲ ਹੀ ਸੈਮੁਅਲ ਮਿਰਿੰਡਾ, ਸ਼ਰੁਤੀ ਮੋਦੀ ਨਾਲ ਹੀ ਕੁਝ ਹੋਰਨਾਂ ਨੂੰ ਮੁਲਜ਼ਮ ਬਣਾਇਆ ਹੈ। ਇਸ ਮਾਮਲੇ ਦੀ ਜਾਂਚ ਲਈ ਸੀਬੀਆਈ ਨੇ ਏਐੱਸਪੀ ਅਨਿਲ ਕੁਮਾਰ ਯਾਦਵ ਨੂੰ ਜਾਂਚ ਅਧਿਕਾਰੀ ਬਣਾਇਆ ਹੈ।

ਬਿਹਾਰ ਪੁਲਿਸ ਕੇਸ ਨਾਲ ਜੁੜੇ ਦਸਤਾਵੇਜ਼ ਹੁਣ ਸੀਬੀਆਈ ਨੂੰ ਸੌਂਪੇ। ਚਰਚਿਤ ਅਦਾਕਾਰ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਹੁਣ ਤਕ ਜਿਨ੍ਹਾਂ-ਜਿਨ੍ਹਾਂ ਲੋਕਾਂ ਦੇ ਬਿਆਨ ਲਏ ਹਨ, ਜਾਂਚ 'ਚ ਜਿਹੜੇ ਨਤੀਜੇ ਹੁਣ ਤਕ ਸਾਹਮਣੇ ਆਏ ਹਨ, ਬਿਹਾਰ ਪੁਲਿਸ ਉਹ ਜਾਣਕਾਰੀਆਂ ਵੀ ਸੀਬੀਆਈ ਨੂੰ ਮੁਹੱਈਆ ਕਰਵਾਏਗੀ। ਸੀਬੀਆਈ ਤੇ ਬਿਹਾਰ ਪੁਲਿਸ ਦੇ ਅਧਿਕਾਰੀ ਲਗਾਤਾਰ ਇਕ-ਦੂਜੇ ਦੇ ਸੰਪਰਕ 'ਚ ਹਨ।

ਦੱਸਣਯੋਗ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਨੇ ਪਟਨਾ ਦੇ ਰਾਜੀਵ ਨਗਰ ਥਾਣੇ 'ਚ ਐੱਫਆਈਆਰ ਦਰਜ ਕਰਵਾਈ ਸੀ। ਐੱਫਆਈਆਰ ਦਰਜ ਹੋਣ ਤੋਂ ਬਾਅਦ ਪਟਨਾ ਪੁਲਿਸ ਦੀ ਇਕ ਟੀਮ ਜਾਂਚ ਦੇ ਸਿਲਸਿਲੇ 'ਚ ਮੁੰਬਈ ਵੀ ਗਈ ਸੀ। ਜਿੱਥੇ ਉਸ ਨੂੰ ਮੁੰਬਈ ਪੁਲਿਸ ਦੇ ਅਸਹਿਯੋਗ ਦਾ ਸਾਹਮਣਾ ਕਰਨਾ ਪਿਆ। ਏਨਾ ਹੀ ਨਹੀਂ ਜਾਂਚ ਲਈ ਮੁੰਬਈ ਪੁੱਜੇ ਆਈਪੀਐੱਸ ਵਿਨੇ ਤਿਵਾੜੀ ਨੂੰ ਜ਼ਬਰਦਸਤੀ ਕੁਆਰੰਟਾਈਨ ਵੀ ਕਰ ਦਿੱਤਾ ਗਿਆ। ਸੰਭਾਵਨਾ ਹੈ ਕਿ ਇਸ ਮਾਮਲੇ 'ਚ ਰਾਜੀਵ ਨਗਰ ਥਾਣੇ ਤੋਂ ਸਾਰੇ ਦਸਤਾਵੇਜ਼ ਲੈਣ ਤੇ ਜਾਂਚ ਨਾਲ ਜੁੜੀਆਂ ਹੋਰ ਜਾਣਕਾਰੀਆਂ ਲਈ ਸੀਬੀਆਈ ਦੀ ਟੀਮ ਇਕ ਤੋਂ ਦੋ ਦਿਨਾਂ ਦੇ ਅੰਦਰ ਪਟਨਾ ਆਵੇਗੀ।

Posted By: Susheel Khanna