ਸਟਾਫ ਰਿਪੋਰਟਰ, ਜੈਪੁਰ : ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਰਾਜਗੜ੍ਹ ਪੁਲਿਸ ਥਾਣਾ ਅਧਿਕਾਰੀ ਵਿਸ਼ਣੂਦੱਤ ਬਿਸ਼ਨੋਈ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਟੀਮ ਸੋਮਵਾਰ ਦੁੁਪਹਿਰ ਬਾਅਦ ਮੌਕੇ 'ਤੇ ਪੁੱਜੀ। ਟੀਮ 'ਚ ਕਰੀਬ ਇਕ ਦਰਜਨ ਅਧਿਕਾਰੀ ਰਾਜਗੜ੍ਹ ਪੁੱਜੇ ਹਨ। ਟੀਮ ਨੇ ਸਭ ਤੋਂ ਪਹਿਲਾਂ ਉਸ ਕਮਰੇ ਦੀ ਜਾਂਚ ਕੀਤੀ, ਜਿੱਥੇ ਬਿਸ਼ਨੋਈ ਨੇ ਫਾਂਸੀ ਲਾਈ ਸੀ। ਉਸ ਤੋਂ ਬਾਅਦ ਪੁਲਿਸ ਥਾਣੇ ਦਾ ਜਾਇਜ਼ਾ ਲਿਆ। ਟੀਮ ਇੱਥੇ ਇਕ-ਦੋ ਦਿਨ ਰਹਿ ਸਕਦੀ ਹੈ। ਪ੍ਰਸ਼ਾਸਨ ਵਲੋਂ ਟੀਮ ਨੂੰ ਤਿੰਨ ਵਾਹਨ, ਕੰਪਿਊਟਰ, ਫੋਟੋ ਸਟੇਟ ਮਸ਼ੀਨ ਤੇ ਲੈਂਡਲਾਈਨ ਟੈਲੀਫੋਨ ਉਪਲਬੱਧ ਕਰਵਾਏ ਗਏ ਹਨ।

ਜ਼ਿਕਰਯੋਗ ਹੈ ਕਿ ਅਸ਼ੋਕ ਗਹਿਲੋਤ ਦੀ ਸਿਫਾਰਸ਼ ਤੋਂ ਬਾਅਦ ਸੀਬੀਆਈ ਨੇ ਇਸ ਮਾਮਲੇ ਨੂੰ ਲੈ ਕੈ ਐੱਫਆਈਆਰ ਆਰਸੀ04 (ਐੱਸ)/ 2020 ਦਰਜ ਕੀਤੀ ਹੈ। ਟੀਮ ਕੁਲੈਕਟਰ ਤੇ ਪੁਲਿਸ ਸੁਪਰਡੈਂਟ ਸਮੇਤ ਸਾਦੁਲਪੁਰ ਪੁਲਿਸ ਥਾਣਾ ਸਟਾਫ ਦੇ ਬਿਆਨ ਵੀ ਲਵੇਗੀ। ਸੀਬੀਆਈ ਪੁਲਿਸ ਸੁਪਰਡੈਂਟ ਡੀਐੱਮ ਸ਼ਰਮਾ ਦੀ ਅਗਵਾਈ 'ਚ ਇਹ ਟੀਮ ਇੱਥੇ ਜਾਂਚ ਕਰੇਗੀ।