ਜਾਗਗਣ ਬਿਊਰੋ, ਨਵੀਂ ਦਿੱਲੀ : ਬੈਂਕਾਂ ਨਾਲ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਸੀਬੀਆਈ ਨੇ ਦੇਸ਼ ਭਰ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਇਕੱਠੀਆਂ 42 ਐੱਫਆਈਰ ਦਰਜ ਕਰਦੇ ਹੋਏ ਜਾਂਚ ਏਜੰਸੀ ਨੇ ਦੇਸ਼ ਭਰ 'ਚ 190 ਥਾਵਾਂ 'ਤੇ ਛਾਪੇ ਮਾਰੇ। ਸੀਬੀਆਈ ਮੁਤਾਬਕ 42 ਮਾਮਲਿਆਂ 'ਚ ਬੈਂਕਾਂ ਨੂੰ 7200 ਕਰੋੜ ਰੁਪਏ ਤੋਂ ਜ਼ਿਆਦਾ ਚੂਨਾ ਲਾਇਆ ਗਿਆ। ਜਿਨ੍ਹਾਂ ਕੰਪਨੀਆਂ ਤੇ ਉਨ੍ਹਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਉਨ੍ਹਾਂ 'ਚ ਕਾਨਪੁਰ ਦੀ ਫਾਸਟ ਇੰਫ੍ਰਾਸਟ੍ਕਚਰ ਐਂਡ ਐਨਰਜੀ ਤੇ ਬਨਾਰਸ ਦੀ ਜੇਵੀਐੱਲ ਐਗਰੋ ਇੰਡਸਟਰੀਜ਼ ਸ਼ਾਮਲ ਹਨ। ਸੀਬੀਆਈ ਨੇ ਛਾਪੇ 'ਚ ਘੁਟਾਲੇ ਨਾਲ ਸਬੰਧਤ ਅਹਿਮ ਦਸਤਾਵੇਜ਼ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ।

ਸੀਬੀਆਈ ਦੇ ਸਰਕਾਰੀ ਸੂਤਰਾਂ ਮੁਤਾਬਕ, ਬਨਾਰਸ ਸਥਿਤ ਜੇਵੀਐੱਲ ਐਗਰੋ ਇੰਡਸਟਰੀ ਦੇ ਡਾਇਰੈਕਟਰਾਂ ਨੇ ਕੰਪਨੀ ਦੇ ਫ਼ਰਜ਼ੀ ਬੈਲੰਸ ਸ਼ੀਟ, ਸਟਾਕ ਤੇ ਬੈਂਕ ਸਟੇਟਮੈਂਟ ਦਿਖਾ ਕੇ ਬੈਂਕ ਆਫ ਬੜੌਦਾ ਤੋਂ 518 ਕਰੋੜ ਰੁਪਏ ਦਾ ਕਰਜ਼ਾ ਲਿਆ। ਨਾਲ ਹੀ ਇੰਨਾ ਹੀ ਕਰਜ਼ਾ ਪੰਜਾਬ ਨੈਸ਼ਨਲ ਬੈਂਕ ਤੋਂ ਵੀ ਲਿਆ। ਬਾਅਦ 'ਚ ਬੈਂਕਾਂ ਤੋਂ ਮਿਲੇ ਪੈਸੇ ਨੂੰ ਆਪਣੀਆਂ ਦੂਜੀਆਂ ਕੰਪਨੀਆਂ 'ਚ ਟਰਾਂਸਫਰ ਕਰ ਦਿੱਤਾ। ਇਸ ਤਰ੍ਹਾਂ ਦੋਵਾਂ ਬੈਂਕਾਂ ਦੇ ਕੁਲ 1,036 ਕਰੋੜ ਰੁਪਏ ਡੁੱਬ ਗਏ। ਸੀਬੀਆਈ ਨੇ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਕਰਜ਼ਾ ਦੇਣ ਦੀ ਸਾਜ਼ਿਸ਼ 'ਚ ਸ਼ਾਮਲ ਡੀਐੱਨ ਝੁਨਝੁਨਵਾਲਾ, ਐੱਸਐੱਨ ਝੁਨਝੁਨਵਾਲਾ, ਆਦਰਸ਼ ਝੁਨਝੁਨਵਾਲਾ, ਅੰਜੂ ਝੁਨਝੁਨਵਾਲਾ ਤੇ ਰਜਨੀ ਪਾਂਡੇ ਦੇ ਨਾਲ ਨਾਲ ਦੋਵੇਂ ਬੈਂਕਾਂ ਦੇ ਅਣਪਛਾਤੇ ਅਧਿਕਾਰੀਆਂ ਨੂੰ ਵੀ ਮੁਲਜ਼ਮ ਬਣਾਇਆ ਹੈ। ਇਸੇ ਦੇ ਨਾਲ ਕੰਪਨੀ ਦੇ ਫ਼ਰਜ਼ੀ ਦਸਤਾਵੇਜ਼ ਬਣਾਉਣ ਵਾਲੇ ਚਾਰਟਰਡ ਅਕਾਊਂਟੈਂਟ ਰਾਜੇਸ਼ ਵਿਸ਼ਵਕਰਮਾ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।

-----------------------------------