ਤਿਰੂਵਨੰਤਪੁਰਮ (ਆਈਏਐੱਨਐੱਸ) : ਇਸਰੋ ਜਾਸੂਸੀ ਮਾਮਲੇ ਦੀ ਹਾਲ ਹੀ ਵਿਚ ਮੁੜ ਤੋਂ ਸ਼ੁਰੂ ਕੀਤੀ ਗਈ ਜਾਂਚ ਹੁਣ ਰਫ਼ਤਾਰ ਫੜਦੀ ਨਜ਼ਰ ਆ ਰਹੀ ਹੈ। ਸੀਬੀਆਈ ਦੀ ਦਿੱਲੀ ਯੂਨਿਟ ਨੇ ਜਾਸੂਸੀ ਦੇ ਦੋਸ਼ 'ਚ ਗਿ੍ਫ਼ਤਾਰ ਕੀਤੀਆਂ ਗਈਆਂ ਦੋਵੇਂ ਔਰਤਾਂ ਦੇ ਬਿਆਨ ਦਰਜ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸਦੇ ਲਈ ਅਧਿਕਾਰੀ ਛੇਤੀ ਹੀ ਮਾਲਦੀਪ ਤੇ ਸ਼੍ਰੀਲੰਕਾ ਜਾਣਗੇ।

ਸਾਲ 1994 'ਚ ਇਸਰੋ ਦੇ ਸੀਨੀਅਰ ਵਿਗਿਆਨੀ ਐੱਸ ਨੰਬੀ ਨਾਰਾਇਣ, ਇਕ ਹੋਰ ਸੀਨੀਅਰ ਵਿਗਿਆਨੀ, ਮਾਲਦੀਵ ਨਿਵਾਸੀ ਔਰਤਾਂ ਫੌਜੀਆ ਹਸਨ ਤੇ ਮਰੀਅਮ ਰਸ਼ੀਦਾ ਤੇ ਇਕ ਕਾਰੋਬਾਰੀ ਨੂੰ ਜਾਸੂਸੀ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਸੀ। ਫੌਜੀਆ ਫਿਲਹਾਲ ਕੋਲੰਬੋ 'ਚ ਰਹਿ ਰਹੀ ਹੈ, ਜਦਕਿ ਮਰੀਅਮ ਮਾਲਦੀਵ 'ਚ। ਫੌਜੀਆ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਉਹ ਮਰੀਅਮ ਨੂੰ ਮਿਲਣਗੇ, ਇਸ ਤੋਂ ਬਾਅਦ ਉਹ ਬਿਆਨ ਲੈਣ ਉਨ੍ਹਾਂ ਕੋਲ ਆਉਣਗੇ। ਉਨ੍ਹਾਂ ਕਿਹਾ, 'ਹਾਲਾਂਕਿ, ਕੋਲੰਬੋ 'ਚ ਲਾਕਡਾਊਨ ਲਾਗੂ ਹੋਣ ਦੀ ਵਜ੍ਹਾ ਨਾਲ ਪਿਛਲੇ ਮਹੀਨੇ ਉਹ ਨਹੀਂ ਆ ਸਕੇ ਤੇ ਉਨ੍ਹਾਂ ਨੇ ਮਾਲਦੀਵ ਦਾ ਦੌਰਾ ਵੀ ਰੱਦ ਕਰ ਦਿੱਤਾ।' ਜਾਣਕਾਰਾਂ ਦਾ ਕਹਿਣਾ ਹੈ ਕਿ ਸੀਬੀਆਈ ਦੀ ਦਿੱਲੀ ਯੂਨਿਟ ਦੇ ਅਧਿਕਾਰੀ ਜਲਦੀ ਹੀ ਦੋਵਾਂ ਔਰਤਾਂ ਨਾਲ ਮੁਲਾਕਾਤ ਕਰ ਸਕਦੇ ਹਨ।

ਪਿਛਲੇ ਮਹੀਨੇ ਸੀਬੀਆਈ ਨੇ ਮਾਮਲੇ ਦੀ ਜਾਂਚ ਕਰਨ ਵਾਲੇ ਕੇਰਲ ਪੁਲਿਸ ਤੇ ਖ਼ੁਫ਼ੀਆ ਵਿਭਾਗ ਦੇ ਤਤਕਾਲੀ ਉੱਚ ਅਧਿਕਾਰੀਆਂ ਸਮੇਤ ਕੁਲ 18 ਮੁਲਜ਼ਮਾਂ ਖ਼ਿਲਾਫ਼ ਸਾਜ਼ਿਸ਼ ਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦਾ ਮੁਕੱਦਮਾ ਦਰਜ ਕੀਤਾ ਸੀ। ਸਾਲ 2020 'ਚ ਮਾਮਲੇ 'ਚ ਉਦੋਂ ਨਵਾਂ ਮੋੜ ਆ ਗਿਆ ਸੀ, ਜਦੋਂ ਸੁਪਰੀਮ ਕੋਰਟ ਨੇ ਛੁੱਟੀ ਪ੍ਰਰਾਪਤ ਜਸਟਿਸ ਡੀਕੇ ਜੈਨ ਦੀ ਪ੍ਰਧਾਨਗੀ 'ਚ ਤਿੰਨ ਮੈਂਬਰੀ ਕਮੇਟੀ ਗਠਿਤ ਕਰਦੇ ਹੋਏ ਇਸ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਸਨ ਕਿ ਕਿਤੇ ਨਾਰਾਇਣਨ ਨੂੰ ਫਸਾਉਣ ਲਈ ਤਤਕਾਲੀ ਪੁਲਿਸ ਅਧਿਕਾਰੀਆਂ ਨੇ ਸਾਜ਼ਿਸ਼ ਤਾਂ ਨਹੀਂ ਰਚੀ ਸੀ।

Posted By: Jatinder Singh