ਨਵੀਂ ਦਿੱਲੀ (ਪੀਟੀਆਈ) : ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਸੀਬੀਆਈ ਜਾਂਚ ਹਾਲੇ ਵੀ ਜਾਰੀ ਹੈ। ਹਾਲਾਂਕਿ ਏਮਜ਼ ਦੇ ਮੈਡੀਕਲ ਬੋਰਡ ਨੇ ਪਿਛਲੇ ਸਾਲ ਆਪਣੀ ਰਿਪੋਰਟ 'ਚ ਇਸ ਮਾਮਲੇ ਨੂੰ ਖ਼ੁਦਕੁਸ਼ੀ ਦਾ ਮਾਮਲਾ ਦੱਸਿਆ ਸੀ। ਇਸ ਸਬੰਧੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਮਾਮਲੇ 'ਚ ਸਾਰੇ ਐਂਗਲਾਂ ਤੋਂ ਗ਼ੌਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੁਸ਼ਾਂਤ ਦੀ ਲਾਸ਼ ਬੀਤੇ ਸਾਲ 14 ਜੂਨ ਨੂੰ ਮੁੰਬਈ ਦੇ ਬਾਂਦਰਾ ਦੇ ਅਪਾਰਟਮੈਂਟ 'ਚ ਲਟਕਦੀ ਮਿਲੀ ਸੀ।

ਸੁਸ਼ਾਂਤ ਦੀ ਮੌਤ ਤੋਂ ਬਾਅਦ ਮੁੰਬਈ ਪੁਲਿਸ 'ਤੇ ਠੀਕ ਤਰ੍ਹਾਂ ਜਾਂਚ ਕਰਨ ਦਾ ਦੋਸ਼ ਲਾ ਕੇ ਸ਼ੁਸਾਂਤ ਦੇ ਪਿਤਾ ਵਿਕਾਸ ਸਿੰਘ ਨੇ ਇਸ ਮਾਮਲੇ 'ਚ ਪਟਨਾ 'ਚ ਐੱਫਆਈਆਰ ਦਰਜ ਕਰਵਾਈ ਸੀ। ਇਸ 'ਤੇ ਬਿਹਾਰ ਪੁਲਿਸ ਨੇ ਜਾਂਚ ਲਈ ਆਪਣੀ ਟੀਮ ਮੁੰਬਈ ਭੇਜੀ ਸੀ। ਕਾਫੀ ਤਮਾਸ਼ਾ ਹੋਣ ਤੇ ਮਾਮਲੇ ਸੁਪਰੀਮ ਕੋਰਟ ਤਕ ਪੁੱਜਣ 'ਤੇ ਮਾਮਲੇ ਦੀ ਜਾਂਚ ਸੀਬੀਆਈ ਨੇ ਆਪਣੇ ਹੱਥ 'ਚ ਲਈ। ਇਸ ਵਿਚਾਲੇ ਏਮਜ਼ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਸੁਧੀਰ ਗੁਪਤਾ ਦੀ ਅਗਵਾਈ 'ਚ ਏਮਜ਼ ਪੈਨਲ ਨੇ ਸੀਬੀਆਈ ਨੂੰ ਫੋਰੈਂਸਿਕ ਰਿਪੋਰਟ ਸੌਂਪੀ ਜਿਸ 'ਚ ਸੁਸ਼ਾਂਤ ਨੂੰ ਜ਼ਹਿਰ ਦੇਣ ਜਾਂ ਗਲ਼ਾ ਘੁੱਟੇ ਜਾਣ ਤੋਂ ਇਨਕਾਰ ਕੀਤਾ ਹੈ।

ਏਮਜ਼ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਸੁਸ਼ਾਂਤ ਦੇ ਪਿਤਾ ਵਿਕਾਸ ਸਿੰਘ ਤੇ ਉਨ੍ਹਾਂ ਦੇ ਵਕੀਲ ਕੇਕੇ ਸਿੰਘ ਨੇ ਕਿਹਾ ਕਿ ਏਮਜ਼ ਦੀ ਰਿਪੋਰਟ ਪਰੇਸ਼ਾਨ ਕਰਨ ਲੱਗੀ ਹੈ। ਹਾਲਾਂਕਿ ਏਮਜ਼ ਦੀ ਫੋਰੈਂਸਿਕ ਰਿਪੋਰਟ ਮਿਲਣ ਦੇ ਬਾਵਜੂਦ ਸੀਬੀਆਈ ਨੇ ਇਕ ਬਿਆਨ ਜਾਰੀ ਕਰ ਕੇ ਜਾਂਚ ਜਾਰੀ ਹੋਣ ਦੀ ਗੱਲ ਕਹੀ ਸੀ ਪਰ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸੀਬੀਆਈ ਕੋਲੋਂ ਹਾਲੇ ਤਕ ਆਪਣੀ ਜਾਂਚ ਪੂਰੀ ਨਹੀਂ ਹੋ ਸਕੀ ਹੈ।