ਨਵੀਂ ਦਿੱਲੀ (ਏਜੰਸੀ) : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਚਾਰਾ ਘੁਟਾਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ ਖ਼ਿਲਾਫ਼ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਅਪੀਲ ਕੀਤੀ। ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਯਾਦਵ ਨੂੰ ਝਾਰਖੰਡ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ।

ਦੇਵਘਰ ਖਜ਼ਾਨੇ ਦੇ ਘੁਟਾਲੇ ਦੇ ਮਾਮਲੇ 'ਚ ਅੱਧੀ ਸਜ਼ਾ ਕੱਟਣ ਦੇ ਬਾਅਦ ਝਾਰਖੰਡ ਹਾਈ ਕੋਰਟ ਨੇ ਹਾਲੀਆ ਲਾਲੂ ਪ੍ਰਸਾਦ ਯਾਦਵ ਨੂੰ ਜ਼ਮਾਨਤ ਦਿੱਤੀ ਸੀ। ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੀਬੀਆਈ ਨੇ ਪਟੀਸ਼ਨ ਦਾਖ਼ਲ ਕੀਤੀ ਹੈ।

ਸਾਲ 2018 'ਚ ਚਾਰਾ ਘੁਟਾਲੇ 'ਚ ਲਾਲੂ ਪ੍ਰਸਾਦ ਨੂੰ ਆਈਪੀਸੀ ਤੇ ਭਿ੍ਸ਼ਟਾਚਾਰ ਰੋਕੂ ਐਕਟ ਦੇ ਤਹਿਤ ਸੱਤ-ਸੱਤ ਸਾਲ ਯਾਨੀ ਕੁਲ 14 ਸਾਲ ਦੀ ਕੈਦ ਦੀ ਸਜ਼ਾ ਹੋਈ ਸੀ। ਅਦਾਲਤ ਨੇ ਉਨ੍ਹਾਂ ਦੇ ਖ਼ਿਲਾਫ਼ 60 ਲੱਖ ਰੁਪਏ ਦਾ ਜੁਰਮਾਨਾ ਵੀ ਠੋਕਿਆ ਸੀ।

ਇਹ ਮਾਮਲਾ ਦੁਮਕਾ ਖਜ਼ਾਨੇ ਤੋਂ ਪਸ਼ੂਪਾਲਣ ਵਿਭਾਗ ਦੇ ਅਧਿਕਾਰੀਆਂ ਵਲੋਂ ਫਰਜ਼ੀ ਤਰੀਕੇ ਨਾਲ 3.5 ਕਰੋੜ ਰੁਪਏ ਦੀ ਨਿਕਾਸੀ ਨਾਲ ਜੁੜਿਆ ਹੈ। ਇਹ ਰਕਮ 1991 ਤੋਂ 1996 ਤਕ ਕੱਢੀ ਗਈ ਸੀ, ਤਦੋਂ ਲਾਲੂ ਪ੍ਰਸਾਦ ਯਾਦਵ ਬਿਹਾਰ ਦੇ ਮੁੱਖ ਮੰਤਰੀ ਸਨ।