ਲਖਨਊ, ਜੇਐੱਨਐੱਨ : ਅਯੁੱਧਿਆ 'ਚ 6 ਦਸੰਬਰ 1992 'ਚ ਵਿਵਾਦਤ ਢਾਂਚਾ ਢਾਹੁਣ ਦੇ ਮਾਮਲੇ 'ਚ ਸੀਬੀਆਈ ਦੀ ਅਦਾਲਤ 27 ਸਾਲ ਬਾਅਦ ਫ਼ੈਸਲਾ ਸੁਣਾਏਗੀ। ਸੀਬੀਆਈ ਦੇ ਵਿਸ਼ੇਸ਼ ਜੱਜ ਐੱਸਕੇ ਯਾਦਵ 30 ਸਤੰਬਰ ਨੂੰ ਵਿਵਾਦਤ ਢਾਂਚਾ ਡੇਗਣ ਦੇ ਮਾਮਲੇ 'ਚ ਫ਼ੈਸਲਾ ਸੁਣਾਉਣਗੇ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਫ਼ੈਸਲਾ ਸੁਣਨ ਲਈ ਅਦਾਲਤ 'ਚ ਮੌਜੂਦ ਰਹਿਣ ਦਾ ਆਦੇਸ਼ ਦਿੱਤਾ ਹੈ। ਸੀਬੀਆਈ ਨੇ ਕੇਸ ਦੀ ਜਾਂਚ ਦੌਰਾਨ 351 ਗਵਾਹ ਤੇ ਲਗਪਗ 600 ਦਸਤਾਵੇਜ਼ੀ ਸਬੂਤ ਕੋਰਟ 'ਚ ਪੇਸ਼ ਕੀਤੇ।

ਅਯੁੱਧਿਆ ਦਾ ਵਿਵਾਦਤ ਢਾਂਚਾ ਡੇਗਣ ਦੇ ਮਾਮਲੇ 'ਚ ਸਾਬਕਾ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਰਹੇ ਲਾਲ ਕ੍ਰਿਸ਼ਨ ਅਡਵਾਨੀ, ਸਾਬਕਾ ਰਾਜਪਾਲ ਤੇ ਯੂਪੀ ਦੇ ਸੀਐੱਮ ਰਹੇ ਕਲਿਆਣ ਸਿੰਘ, ਭਾਜਪਾ ਆਗੂ ਵਿਨੈ ਕਟਿਆਰ, ਸਾਬਕਾ ਕੇਂਦਰੀ ਮੰਤਰੀ ਤੇ ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਰਹੀ ਉਮਾ ਭਾਰਤੀ ਮੁਲਜ਼ਮ ਹਨ। ਸੀਬੀਆਈ ਨੇ ਇਸ ਮਾਮਲੇ 'ਚ 49 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਫਾਈਲ ਕੀਤੀ ਸੀ, ਜਿਨ੍ਹਾਂ ਵਿਚੋਂ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੀਬੀਆਈ ਦੇ ਵਕੀਲ ਲਲਿਤ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਬਚਾਅ ਪੱਖ ਤੇ ਇਸਤਗਾਸਾ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਕ ਸਤੰਬਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

Posted By: Seema Anand