ਮੁੰਬਈ (ਪੀਟੀਆਈ) : ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਦੇ ਫ਼ੌਜ ਖ਼ਿਲਾਫ਼ ਗਲਵਾਨ ਦੇ ਸ਼ਹੀਦਾਂ ’ਤੇ ਅਪਮਾਨਜਨਕ ਬਿਆਨ ਦੇਣ ਤੋਂ ਬਾਅਦ ਇੰਟਰਨੈੱਟ ਮੀਡੀਆ ’ਤੇ ਲੋਕਾਂ ਨੇ ਉਨ੍ਹਾਂ ਨੂੰ ਖ਼ੂਬ ਟ੍ਰੋਲ ਕੀਤਾ। ਇਸ ਤੋਂ ਬਾਅਦ ਅਦਾਕਾਰਾ ਨੇ ਮਾਫ਼ੀ ਮੰਗਣ ਤੋਂ ਬਾਅਦ ਉਸ ਟਵੀਟ ਨੂੰ ਹਟਾ ਦਿੱਤਾ ਪਰ ਸੱਤਾਧਾਰੀ ਭਾਜਪਾ ਨੇ ਇਸ ਨੂੰ ਫ਼ੌਜ ਤੇ ਦੇਸ਼ ਦੀ ਬੇਇੱਜ਼ਤੀ ਮੰਨਿਆ ਹੈ। ਨਾਲ ਹੀ ਰਿਚਾ ਚੱਢਾ ਖ਼ਿਲਾਫ਼ ਪੁਲਿਸ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਬੀਤੇ ਦਿਨੀਂ ਉੱਤਰੀ ਫ਼ੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ, ‘ਜੇਕਰ ਸਰਕਾਰ ਹੁਕਮ ਜਾਰੀ ਕਰਦੀ ਹੈ ਤਾਂ ਫ਼ੌਜ ਮਕਬੂਜ਼ਾ ਕਸ਼ਮੀਰ (ਪੀਓਕੇ) ਨੂੰ ਵਾਪਸ ਲੈਣ ਲਈ ਤਿਆਰ ਹੈ। ਜਿੱਥੋਂ ਤਕ ਭਾਰਤੀ ਫ਼ੌਜ ਦੀ ਗੱਲ ਹੈ ਤਾਂ ਉਹ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਕਿਸੇ ਵੀ ਹੁਕਮ ਨੂੰ ਪੂਰਾ ਕਰੇਗੀ। ਜਦੋਂ ਵੀ ਅਜਿਹੇ ਹੁਕਮ ਦਿੱਤੇ ਜਾਣਗੇ, ਅਸੀਂ ਇਸ ਦੇ ਲਈ ਹਮੇਸ਼ਾ ਤਿਆਰ ਰਹਾਂਗੇ।’ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਦਾ ਬਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪਿਛਲੇ ਸੰਬੋਧਨ ਦੇ ਸੰਦਰਭ ’ਚ ਦਿੱਤਾ ਗਿਆ ਸੀ ਜਿਸ ’ਚ ਉਨ੍ਹਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ ਨੂੰ ਵਾਪਸ ਲੈਣ ਦੇ ਭਾਰਤ ਦੇ ਸੰਕਲਪ ਨੂੰ ਦੁਹਰਾਇਆ ਸੀ ਜਿਸ ’ਚ ਕਿਹਾ ਗਿਆ ਸੀ ਕਿ ਸਾਰੇ ਸ਼ਰਨਾਰਥੀਆਂ ਨੂੰ ਉਨ੍ਹਾਂ ਦੀ ਜ਼ਮੀਨ ਤੇ ਘਰ ਵਾਪਸ ਮਿਲ ਜਾਣਗੇ। ਇਸ ਦੇ ਜਵਾਬ ’ਚ ਰਿਚਾ ਚੱਢਾ ਨੇ ਭਾਰਤੀ ਫ਼ੌਜ ’ਤੇ ਤਨਜ਼ ਕੱਸਦਿਆਂ ਟਵੀਟ ਕੀਤਾ, ‘ਗਲਵਾਨ ਸੇਜ਼ ਸਾਏ ਯਾਨੀ ਗਲਵਾਨ ਦਾ ਅਭਿਵਾਦਨ ਸਵੀਕਾਰ ਕਰੋ।’

ਰਿਚਾ ਦੇ ਇਸ ਟਵੀਟ ਤੋਂ ਬਾਅਦ ਟਵਿੱਟਰ ’ਤੇ ਲੋਕਾਂ ਨੇ ਭਾਰਤੀ ਜਵਾਨਾਂ ਦੇ ਬਲੀਦਾਨ ਦਾ ਮਜ਼ਾਕ ਉਡਾਉਣ ਲਈ ਉਨ੍ਹਾਂ ਨੂੰ ਖ਼ੂਬ ਟ੍ਰੋਲ ਕੀਤਾ। ਜ਼ਿਕਰਯੋਗ ਹੈ ਕਿ ਸਾਲ 2020 ’ਚ ਲੱਦਾਖ ਦੀ ਗਲਵਾਨ ਘਾਟੀ ’ਚ ਭਾਰਤੀ ਤੇ ਚੀਨੀ ਫ਼ੌਜੀਆਂ ਵਿਚਾਲੇ ਹਿੰਸਕ ਝੜਪ ’ਚ 20 ਭਾਰਤੀ ਫ਼ੌਜੀ ਸ਼ਹੀਦ ਹੋਏ ਸਨ। ਜਾਂਬਾਜ਼ ਭਾਰਤੀ ਜਵਾਨਾਂ ਨ ਕਰੀਬ 40 ਚੀਨੀ ਫ਼ੌਜੀਆਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਸੀ ਜੋ ਚੀਨ ਨੇ ਕਦੀ ਨਹੀਂ ਮੰਨਿਆ।

ਮੇਰੇ ਨਾਨਾ ਭਾਰਤੀ ਫ਼ੌਜ ’ਚ ਰਹੇ ਹਨ : ਚੱਢਾ

ਹੰਗਾਮਾ ਵਧਣ ਤੋਂ ਬਾਅਦ ਅਦਾਕਾਰਾ ਰਿਚਾ ਚੱਢਾ ਨੇ ਟਵਿੱਟਰ ’ਤੇ ਹੀ ਮਾਫ਼ੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਰਾਦਾ ਭਾਰਤੀ ਫ਼ੌਜ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦਾ ਨਹੀਂ ਸੀ। ਜੇਕਰ ਵਿਵਾਦ ’ਚ ਪਏ ਉਨ੍ਹਾਂ ਦੇ ਕਹੇ ਤਿੰਨ ਸ਼ਬਦਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ ਤਾਂ ਮੈਂ ਮਾਫ਼ੀ ਮੰਗਦੀ ਹਾਂ। ਜੇਕਰ ਅਣਜਾਣੇ ’ਚ ਵੀ ਫ਼ੌਜ ਦੇ ਮੇਰੇ ਭਰਾਵਾਂ ਨੂੰ ਸੱਟ ਪਹੁੰਚੀ ਹੈ ਤਾਂ ਮੈਂ ਦੁਖੀ ਹਾਂ। ਮੇਰੇ ਨਾਨਾ ਜੀ ਵੀ ਭਾਰਤੀ ਫ਼ੌਜ ਦਾ ਹਿੱਸਾ ਰਹੇ ਹਨ। ਉਹ ਲੈਫਟੀਨੈਂਟ ਕਰਨਲ ਸਨ ਤੇ ਭਾਰਤ-ਚੀਨ ਦਰਮਿਆਨ 1965 ’ਚ ਹੋਈ ਲੜਾਈ ’ਚ ਉਨ੍ਹਾਂ ਦੇ ਪੈਰ ’ਚ ਗੋਲ਼ੀ ਲੱਗੀ ਸੀ। ਮੇਰੇ ਮਾਮਾ ਫ਼ੌਜ ’ਚ ਪੈਰਾਟਰੂਪਰ ਸਨ।

Posted By: Jaswinder Duhra