ਜੇਐੱਨਐੱਨ, ਗਾਜ਼ੀਆਬਾਦ : ਕ੍ਰਾਸਿੰਗ ਰਿਪਬਲਿਕ ਦੀ ਮਹਾਗੁਨ ਮੈਸਕਟ ਸੁਸਾਇਟੀ 'ਚ ਇੰਜੀਨੀਅਰ ਦੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰਨ ਦੇ ਮਾਮਲੇ 'ਚ ਰਾਜਸਥਾਨ ਦੇ ਇਕ ਬਾਬੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਨਾਸ਼ਤਾ ਕਰਦੇ ਸਮੇਂ ਇੰਜੀਨੀਅਰ ਅਚਾਨਕ ਉੱਠਿਆ ਤੇ ਗੁਰੂ ਬਾਬਾ ਨੂੰ ਮਿਲਣਾ ਹੈ, ਕਹਿ ਕੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਪੁਲਿਸ ਇੰਜੀਨੀਅਰ ਦੀ ਕਾਲ ਡਿਟੇਲਜ਼ ਤੇ ਹੋਰਨਾਂ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

27 ਸਾਲਾ ਇੰਜੀਨੀਅਰ ਸਵਪਨਿਲ ਸਿੰਘ ਨੇ 20 ਅਗਸਤ ਦੀ ਸਵੇਰੇ ਸੱਤਵੀਂ ਮੰਜ਼ਿਲ ਸਿਥਤ ਆਪਣੇ ਫਲੈਟ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ ਸੀ। ਸਵਪਨਿਲ ਦੇ ਪਿਤਾ ਕ੍ਰਿਸ਼ਨ ਨੰਦਨ ਵੱਲੋਂ ਵਿਜੈਨਗਰ ਥਾਣੇ 'ਚ ਦਰਜ ਕਰਵਾਈ ਗਈ ਐੱਫਆਈਆਰ 'ਚ ਦੱਸਿਆ ਗਿਆ ਕਿ ਉਨ੍ਹਾਂ ਦਾ ਬੇਟਾ ਨੋਇਡਾ ਦੀ ਕੰਪਨੀ 'ਚ ਸਾਫਟਵੇਅਰ ਇੰਜੀਨੀਅਰ ਸੀ। ਉਹ ਮਾਂ ਕਮਲ ਦੇਵੀ ਨਾਲ ਰਹਿੰਦਾ ਸੀ। ਪਿਤਾ ਮੁਤਾਬਿਕ ਉਨ੍ਹਾਂ ਦਾ ਪੁੱਤਰ ਕੁਝ ਦਿਨਾਂ ਤੋਂ ਯੂਟਿਊਬ 'ਤੇ ਕਿਸੇ ਗੁਰੂ ਮਨੋਜ ਦੇ ਪ੍ਰਵਚਨ ਸੁਣਨ ਲੱਗਾ ਸੀ। ਮਾਰਚ-2019 'ਚ ਉਹ ਹਰਿਦੁਆਰ ਸਥਿਤ ਕਥਿਤ ਗੁਰੂ ਨੂੰ ਮਿਲਣ ਵੀ ਗਿਆ ਸੀ।

ਦੋਸ਼ ਹੈ ਕਿ ਗੁਰੂ ਨੇ ਉਸ ਦਾ ਬ੍ਰੇਨ ਵਾਸ਼ ਕਰ ਦਿੱਤਾ। ਹਰਿਦੁਆਰ ਤੋਂ ਪਰਤ ਕੇ ਉਹ ਸ਼ਾਕਾਹਾਰਨੀ ਬਣ ਗਿਆ ਤੇ ਪਿਆਜ਼-ਲਸਣ ਵੀ ਛੱਡ ਦਿੱਤਾ। ਪਿਤਾ ਮੁਤਾਬਿਕ ਉਹ ਖ਼ੁਦ ਨੂੰ ਕਮਰੇ 'ਚ ਬੰਦ ਕਰ ਕੇ ਘੰਟਿਆਂਬੱਧੀ ਉਕਤ ਗੁਰੂ ਨਾਲ ਫੋਨ 'ਤੇ ਗੱਲਬਾਤ ਕਰਦਾ ਰਹਿੰਦਾ ਸੀ। ਹਾਦਸੇ ਵਾਲੇ ਦਿਨ ਵੀ ਉਹ ਬ੍ਰੇਕਫਾਸਟ ਦੌਰਾਨ ਉੱਠਿਆ ਤੇ ਕਿਹਾ ਬਾਬੇ ਨੂੰ ਮਿਲਣਾ ਹੈ, ਕਹਿ ਕੇ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਐੱਸਐੱਚਓ ਵਿਜੈਨਗਰ ਸ਼ਿਆਮਵੀਰ ਸਿੰਘ ਨੇ ਦੱਸਿਆ ਕਿ ਆਤਮਹੱਤਿਆ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਬਾਬਾ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Seema Anand