ਚੰਬਾ : ਚਾਹਲਾ ਨੇੜੇ ਇਕ ਸਕਾਰਪੀਓ ਗੱਡੀ ਅਚਾਨਕ ਬੇਕਾਬੂ ਹੋ ਕੇ ਖੱਡ 'ਚ ਜਾ ਡਿੱਗੀ ਜਿਸ ਕਾਰਨ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤਿੰਨ ਹੋਰ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਪੁਲਿਸ ਥਾਣਾ ਚੰਬਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਗੱਡੀ ਨੂੰ ਕਮਲ ਕੁਮਾਰ ਪੁੱਤਰ ਚੂਹੜ ਸਿੰਘ ਚਲਾ ਰਿਹਾ ਸੀ, ਜੋ ਪਠਾਨਕੋਟ ਦਾ ਰਹਿਣ ਵਾਲਾ ਸੀ। ਗੱਡੀ 'ਚ ਕੁੱਲ ਚਾਰ ਲੋਕ ਸਵਾਰ ਸਨ। ਇਹ ਲੋਕ ਪਠਾਨਕੋਟ ਤੋਂ ਮਣੀਮਹੇਸ਼ ਯਾਤਰਾ ਲਈ ਜਾ ਰਹੇ ਸਨ।

ਹਾਦਸਾਗ੍ਰਸਤ ਹੋਈ ਸਕਾਰਪੀਓ ਗੱਡੀ ਨੰਬਰ PB07M0094 ਦੇ ਚਾਹਲਾ ਨੇੜੇ ਪਹੁੰਚਣ 'ਤੇ ਕਮਲ ਕੁਮਾਰ ਗੱਡੀ 'ਤੇ ਕਾਬੂ ਨਾ ਰੱਖ ਸਕਿਆ ਜਿਸ ਕਾਰਨ ਗੱਡੀ ਡੂੰਘੀ ਖੱਡ 'ਚ ਡਿੱਗ ਗਈ। ਗੱਡੀ 'ਚੋਂ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਚਾਲਕ ਕਮਲ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਜ਼ਿਲ੍ਹਾ ਹਸਪਤਾਲ ਚੰਬਾ ਲਿਜਾਇਆ ਗਿਆ ਹੈ।

ਜਾਂਚ ਦੌਰਾਨ ਪਾਇਆ ਗਿਆ ਕਿ ਹਾਦਸਾ ਗੱਡੀ ਚਾਲਕ ਦੀ ਲਾਪਰਵਾਹੀ ਤੇ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ ਜਿਸ ਤਹਿਤ ਚਾਲਕ ਕਮਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਤੇ ਮੁਕੱਦਮੇ 'ਚ ਅਗਲੇਰੀ ਤਫ਼ਤੀਸ਼ ਜਾਰੀ ਹੈ।

Posted By: Seema Anand