ਆਕਾਸ਼, ਡੇਰਾ ਬਾਬਾ ਨਾਨਕ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਦੇ ਉਦਘਾਟਨੀ ਸਮਾਗਮ 'ਚ ਜਿੱਥੇ 70 ਸਾਲ ਬਾਅਦ ਲਾਂਘਾ ਖੁੱਲ੍ਹਣ 'ਤੇ ਖ਼ੁਸ਼ੀ ਪ੍ਰਗਟਾਈ ਉੱਥੇ ਉਨ੍ਹਾਂ ਇਸ ਦਿਨ ਵੀ ਪਾਕਿਸਤਾਨ ਨੂੰ ਚਿਤਾਵਨੀ ਦੇਣ ਤੋਂ ਗੁਰੇਜ਼ ਨਹੀਂ ਕੀਤਾ ਅਤੇ ਇੱਥੋਂ ਤਕ ਕਹਿ ਦਿੱਤਾ ਕਿ ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਅਸੀਂ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ, ਮੂਧਾ ਮਾਰ ਕੇ ਛੱਡਾਂਗੇ। ਦੱਸਣਯੋਗ ਹੈ ਕਿ ਪਾਕਿਸਤਾਨ ਪ੍ਰਤੀ ਅਜਿਹੀ ਹੀ ਸਖ਼ਤ ਸ਼ਬਦਾਵਲੀ ਮੁੱਖ ਮੰਤਰੀ ਨੇ 26 ਨਵੰਬਰ 2018 ਨੂੰ ਲਾਂਘੇ ਦੇ ਨੀਂਹ -ਪੱਥਰ ਸਮਾਗਮ ਵੇਲੇ ਵੀ ਵਰਤੀ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਆਪਣੇ ਸੰਬੋਧਨ ਦੌਰਾਨ ਕੈਪਟਨ ਨੇ ਕਿਹਾ ਕਿ 1947 ਵਿਚ ਹਾਲਾਤ ਅਜਿਹੇ ਬਣ ਗਏ ਸਨ ਕਿ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ। ਪੰਜਾਬ ਦੇ ਕਈ ਗੁਰਦੁਆਰੇ ਪਾਕਿਸਤਾਨ ਚਲੇ ਗਏ। ਉਨ੍ਹਾਂ ਕਿਹਾ ਕਿ ਉਹ ਪੰਜਾ ਸਾਹਿਬ, ਨਾਨਕਾਣਾ ਸਾਹਿਬ ਤਾਂ ਜਾ ਚੁੱਕੇ ਹਨ ਪਰ ਕਰਤਰਾਪੁਰ ਸਾਹਿਬ ਨਹੀਂ ਗਏ ਸਨ ਅਤੇ ਇਹ ਇੱਛਾ ਵੀ ਹੁਣ ਪੂਰੀ ਹੋਣ ਜਾ ਰਹੀ ਹੈ। ਕੈਪਟਨ ਨੇ ਕਿਹਾ ਕਿ ਇਹ ਇੱਛਾ ਪ੍ਰਧਾਨ ਮੰਤਰੀ ਨੇ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਗੁਰਦੁਆਰਾ ਕਰਤਾਪੁਰ ਸਾਹਿਬ ਜਾ ਕੇ ਅਰਦਾਸ ਕਰਨਗੇ ਕਿ ਪੰਜਾਬ ਚੜ੍ਹਦੀ ਕਲਾ 'ਚ ਰਹੇ।

ਕੈਪਟਨ ਨੇ ਅੱਗੇ ਕਿਹਾ ਕਿ ਉਹ ਆਸ ਕਰਦੇ ਨੇ ਕਿ ਗੁਆਂਢੀ ਮੁਲਕ ਹੁਣ ਸਮਝੇਗਾ ਕਿ ਇਹ ਸਾਡਾ ਮੁਲਕ ਹੈ। ਮੁੱਦਤਾਂ ਤੋਂ ਅਸੀਂ ਇਕੱਠੇ ਰਹੇ ਹਾਂ। ਉਨ੍ਹਾਂ ਸਾਰਾ ਮੁਲਕ ਡੁੱਬਿਆ ਪਿਆ ਹੈ। ਨਾ ਪਾਣੀ ਹੈ, ਨਾ ਬਿਜਲੀ ਨਾ ਲਿੰਕ ਰੋਡ ਜਦੋਂ ਕਿ ਮੇਰੇ ਪੰਜਾਬ 'ਚ ਬਿਜਲੀ ਹੈ, ਸਨਅੱਤ ਹੈ, ਨੌਕਰੀ ਹੈ, ਸਭ ਕੁੱਝ ਹੈ। ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਨੌਕਰੀ ਦੇਵੇ, ਸਨਅੱਤ ਲਾਵੇ, ਵਿਕਾਸ ਕਰੇ। ਅੱਜ ਉਹ ਕਈ ਮੁਲਕਾਂ ਨਾਲ ਖਹਿ ਰਿਹਾ ਹੈ। ਕਸ਼ਮੀਰ ਅਤੇ ਪੰਜਾਬ ਵਿਚ ਵੀ ਦਖਲ ਦੇ ਰਿਹਾ ਹੈ। ਕੈਪਟਨ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਅਸ਼ਾਂਤੀ ਫੈਲਾਉਣ ਦਾ ਕੰਮ ਨਾ ਕਰੇ ਕਿਉਂਕਿ ਨਾ ਕਸ਼ਮੀਰ 'ਚ ਉਸ ਦੀ ਗੱਲ ਬਨਣੀ ਹੈ ਨਾ ਪੰਜਾਬ 'ਚ। ਪਾਕਿਸਤਾਨ ਨੇ ਪੰਜਾਬ ਪ੍ਰਤੀ ਮਾੜੀ ਨਜ਼ਰ ਰੱਖੀ ਤਾਂ ਅਸੀਂ ਚੂੜੀਆਂ ਨਹੀਂ ਪਾਈਆਂ, ਮੂਧੇ ਮਾਰ ਕੇ ਛੱਡਾਂਗੇ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਪੰਜਾਬ ਦੇ ਅਗਲੇ 25 ਸਾਲ 'ਚ ਰੇਗਿਸਤਾਨ ਬਣ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਅਸੀਂ ਹਰੇਕ ਪਿੰਡ ਵਿੱਚ 550 ਬੂਟੇ ਲਾਉਣ ਦਾ ਬੀੜਾ ਚੁੱਕਿਆ। ਇਕ ਸਾਲ 'ਚ ਅਸੀਂ 77 ਲੱਖ ਬੂਟੇ ਲਾ ਚੁੱਕੇ ਹਾਂ।

550 ਰੁੁਪਏ ਦਾ ਸਿੱਕਾ ਜਾਰੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਇਤਿਹਾਸਿਕ ਦਿਹਾੜੇ ਤੇ ਪ੍ਰਧਾਨ ਮੰਤਰੀ ਨਰਿੰਦਰ ਵੱਲੋਂ 550 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ। ਇਸ ਦੇ ਇਕ ਪਾਸੇ ਗੁਰਦੁਆਰਾ ਬੇਰ ਸਾਹਿਬ ਦੀ ਤਸਵੀਰ ਹੈ ਜਿਸ ਨਾਲ 550ਵਾਂ ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਨਾਲ ਉਕਰਿਆ ਹੋਇਆ ਹੈ। ਇਸ ਦਾ ਵਜ਼ਨ 35 ਗ੍ਰਾਮ ਹੈ। ਸਿੱਕੇ ਦੇ ਦੂਸਰੇ ਪਾਸੇ ਤੇ ਲਾਇਨ ਕੈਪੀਟੋਲ ਅਤੇ ਅਸ਼ੋਕ ਚੱਕਰ ਤੇ ਸਤਿਆਮੇਵ ਜਯਤੇ ਉਕਰਿਆ ਹੈ। ਇਸ ਤੋਂ ਇਲਾਵਾ ਪੰਜ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ ਹਨ ਅਤੇ ਹਰੇਕ ਉੱਪਰ ਇਕ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਹਨ।