ਸਟਾਫ ਰਿਪੋਰਟਰ, ਨਵੀਂ ਦਿੱਲੀ : ਉਨਾਵ ਪੀੜਤਾ ਲਈ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਨੇ ਇੰਡੀਆ ਗੇਟ ਤੋਂ ਰਾਜਘਾਟ ਤਕ ਮੋਮਬੱਤੀ ਮਾਰਚ ਕੱਢਿਆ। ਰਾਜਘਾਟ 'ਤੇ ਲੋਕ ਬੇਕਾਬੂ ਹੋ ਗਏ। ਇਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਜਲ ਤੋਪਾਂ ਦੀ ਵਰਤੋਂ ਕਰਨੀ ਪਈ।

ਪ੍ਰਦਰਸ਼ਨ 'ਚ ਦਿੱਲੀ ਮਹਿਲਾ ਕਮਿਸ਼ਨ, ਐੱਨਐੱਸਯੂਆਈ ਸਮੇਤ ਕਈ ਜਥੇਬੰਦੀਆਂ ਨੇ ਹਿੱਸਾ ਲਿਆ। ਮੋਮਬੱਤੀ ਮਾਰਚ ਕੱਢ ਰਹੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਬੈਰੀਕੇਡਿੰਗ 'ਤੇ ਹੀ ਮੋਮਬੱਤੀ ਲਾ ਕੇ ਵਿਰੋਧ ਪ੍ਰਗਟਾਇਆ। ਇਸ ਕਾਰਨ ਕਈ ਘੰਟਿਆਂ ਤਕ ਆਵਾਜਾਈ ਵੀ ਪ੍ਰਭਾਵਿਤ ਰਹੀ।

ਪ੍ਰਦਰਸ਼ਨਕਾਰੀਆਂ ਨੇ ਜਦੋਂ ਰਾਜਘਾਟ ਤੋਂ ਇੰਡੀਆ ਗੇਟ ਵੱਲ ਸ਼ਹੀਦ ਪਾਰਕ ਨੇੜੇ ਬੈਰੀਕੇਡ ਲੱਗਾ ਦੇਖਿਆ ਤਾਂ ਉਹ ਭੜਕ ਗਏ ਤੇ ਉਸ ਨੂੰ ਲੰਘਣ ਦੀ ਕੋਸ਼ਿਸ ਕੀਤੀ, ਜਿਸ ਕਾਰਨ ਪੁਲਿਸ ਨੇ ਜਲ ਤੋਪਾਂ ਵਰਤ ਕੇ ਉਨ੍ਹਾਂ ਨੂੰ ਰੋਕਿਆ।

ਇਕ ਮਹੀਨੇ 'ਚ ਉਨਾਵ ਕਾਂਡ ਦੇ ਦੋਸ਼ੀਆਂ ਨੂੰ ਮਿਲੇ ਫਾਂਸੀ : ਸਵਾਤੀ

ਜਬਰ ਜਨਾਹ ਦੇ ਦੋਸ਼ੀਆਂ ਨੂੰ ਛੇ ਮਹੀਨੇ 'ਚ ਫਾਂਸੀ ਦੇਣ ਲਈ ਮਜ਼ਬੂਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਜੈਹਿੰਦ ਸ਼ਨਿਚਰਵਾਰ ਨੂੰ ਛੇਵੇਂ ਦਿਨ ਵੀ ਭੁੱਖ ਹੜਤਾਲ 'ਤੇ ਰਹੀ। ਸਵਾਤੀ ਨੇ ਉਨਾਵ ਪੀੜਤਾ ਲਈ 5 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਤੇ ਦੁੱਖ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਫੌਰੀ ਮਾਮਲਾ ਫਾਸਟ ਟ੍ਰੈਕ ਅਦਾਲਤ ਨੂੰ ਸੌਂਪਣ ਤੇ ਦੋਸ਼ੀਆਂ ਨੂੰ ਇਕ ਮਹੀਨੇ 'ਚ ਫਾਂਸੀ ਦੀ ਸਜ਼ਾ ਦਿਵਾਉਣ ਦੀ ਅਪੀਲ ਕੀਤੀ।