- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈ.ਡੀ. ਨੇ ਸੋਮਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਦਰਜ ਕੀਤਾ ਗਿਆ ਇਹ ਮਾਮਲਾ ਜੋਧਪੁਰ ਪੁਲਿਸ ਦੀ ਉਸ ਐਫ.ਆਈ.ਆਰ. ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਕੁਝ ਪੀ.ਓ.ਐਸ. ਵਿਕਰੇਤਾਵਾਂ ਖ਼ਿਲਾਫ਼ ਭਾਰਤੀ ਸਿਮਾਂ ਨੂੰ ਧੋਖਾਧੜੀ ਨਾਲ ਐਕਟਿਵ ਕਰਨ ਅਤੇ ਉਨ੍ਹਾਂ ਨੂੰ ਇੱਕ ਮਲੇਸ਼ੀਅਨ ਨਾਗਰਿਕ ਨੂੰ ਸੌਂਪਣ ਦਾ ਦੋਸ਼ ਲਗਾਇਆ ਗਿਆ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : ਈ.ਡੀ. ਨੇ ਦੇਸ਼ ਵਿੱਚ 5,300 ਸਿਮ ਕਾਰਡਾਂ ਦੀ ਖ਼ਰੀਦ ਨਾਲ ਜੁੜੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਸਿਮ ਕਾਰਡਾਂ ਦੀ ਵਰਤੋਂ ਕੰਬੋਡੀਆ ਵਿੱਚ ਇੱਕ ਮਲੇਸ਼ੀਅਨ ਨਾਗਰਿਕ ਦੀ ਅਗਵਾਈ ਵਾਲੇ ਗਿਰੋਹ ਵੱਲੋਂ ਪੂਰੇ ਭਾਰਤ ਵਿੱਚ ਸਾਈਬਰ ਧੋਖਾਧੜੀ ਨੂੰ ਅੰਜਾਮ ਦੇਣ ਲਈ ਕੀਤੀ ਗਈ ਸੀ।
ਜਾਂਚ ਏਜੰਸੀ ਨੇ 5 ਜੂਨ ਨੂੰ ਲੁਧਿਆਣਾ ਤੋਂ ਇਲਾਵਾ ਰਾਜਸਥਾਨ ਦੇ ਕਿਸ਼ਨਗੜ੍ਹ, ਨਾਗੌਰ ਅਤੇ ਜੋਧਪੁਰ ਵਿੱਚ ਸੱਤ ਟਿਕਾਣਿਆਂ 'ਤੇ ਤਲਾਸ਼ੀ ਲਈ ਸੀ। ਇਸੇ ਦੇ ਆਧਾਰ 'ਤੇ 30 ਘਰੇਲੂ ਬੈਂਕ ਖਾਤਿਆਂ ਦੀ ਪਛਾਣ ਹੋਈ ਹੈ, ਜੋ ਇਸ ਧੋਖਾਧੜੀ ਦੇ ਨੈੱਟਵਰਕ ਦਾ ਹਿੱਸਾ ਹਨ।
ਈ.ਡੀ. ਨੇ ਸੋਮਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਦਰਜ ਕੀਤਾ ਗਿਆ ਇਹ ਮਾਮਲਾ ਜੋਧਪੁਰ ਪੁਲਿਸ ਦੀ ਉਸ ਐਫ.ਆਈ.ਆਰ. ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਕੁਝ ਪੀ.ਓ.ਐਸ. ਵਿਕਰੇਤਾਵਾਂ ਖ਼ਿਲਾਫ਼ ਭਾਰਤੀ ਸਿਮਾਂ ਨੂੰ ਧੋਖਾਧੜੀ ਨਾਲ ਐਕਟਿਵ ਕਰਨ ਅਤੇ ਉਨ੍ਹਾਂ ਨੂੰ ਇੱਕ ਮਲੇਸ਼ੀਅਨ ਨਾਗਰਿਕ ਨੂੰ ਸੌਂਪਣ ਦਾ ਦੋਸ਼ ਲਗਾਇਆ ਗਿਆ ਸੀ।
ਈ.ਡੀ. ਅਨੁਸਾਰ, ਕੰਬੋਡੀਆ ਦੇ ਠੱਗ ਗਿਰੋਹਾਂ ਨਾਲ ਜੁੜੇ ਕਈ ਸਾਈਬਰ ਅਪਰਾਧ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 'ਡਿਜੀਟਲ ਅਰੈਸਟ' ਵੀ ਸ਼ਾਮਲ ਹੈ। ਇਨ੍ਹਾਂ ਮਾਮਲਿਆਂ ਵਿੱਚ ਭਾਰਤੀਆਂ ਨੂੰ ਸਾਈਬਰ ਅਪਰਾਧ ਦੇ ਜ਼ਰੀਏ ਫਸਾਇਆ ਗਿਆ ਹੈ। ਈ.ਡੀ. ਨੇ ਦੱਸਿਆ ਕਿ ਉਸ ਨੇ 2.3 ਲੱਖ ਨੰਬਰਾਂ ਦੀ ਜਾਂਚ-ਪੜਤਾਲ ਕੀਤੀ ਹੈ।
ਇਸ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਵਿੱਚੋਂ ਲਗਭਗ 36 ਹਜ਼ਾਰ ਸਿਮ ਕੰਬੋਡੀਆ ਵਿੱਚ ਸਰਗਰਮ ਸਨ, ਜਿਨ੍ਹਾਂ ਵਿੱਚੋਂ ਲਗਪਗ 5,300 ਸਿਮਾਂ ਦੀ ਵਰਤੋਂ ਵਟਸਐਪ ਕਾਲਾਂ ਕਰਕੇ ਪੂਰੇ ਭਾਰਤ ਵਿੱਚ ਸੈਂਕੜੇ ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਕਰਨ ਲਈ ਕੀਤੀ ਗਈ ਸੀ।
ਭੋਲੇ-ਭਾਲੇ ਲੋਕਾਂ ਨੂੰ ਬਣਾਉਂਦੇ ਸਨ ਨਿਸ਼ਾਨਾ
ਏਜੰਸੀ ਅਨੁਸਾਰ, ਤਲਾਸ਼ੀ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਾਹੁਲ ਕੁਮਾਰ ਝਾਅ, ਮੁਹੰਮਦ ਸ਼ਰੀਫ ਅਤੇ ਸੰਦੀਪ ਭੱਟ ਨੇ ਪ੍ਰਕਾਸ਼ ਭੀਲ, ਰਾਮਅਵਤਾਰ ਰਾਠੀ, ਹਰੀਸ਼ ਮਾਲਾਕਾਰ ਅਤੇ ਹੇਮੰਤ ਪਨਵਾਰ ਨਾਮਕ ਹੋਰ ਸਿਮ ਵਿਕਰੇਤਾਵਾਂ ਨਾਲ ਮਿਲ ਕੇ ਮਲੇਸ਼ੀਅਨ ਨਾਗਰਿਕ ਨੂੰ ਸੈਂਕੜੇ ਸਿਮ ਕਾਰਡਾਂ ਦੀ ਸਪਲਾਈ ਕੀਤੀ ਸੀ।
ਸਿਮ ਵਿਕਰੇਤਾਵਾਂ ਕੋਲ ਏਅਰਟੈੱਲ, ਜੀਓ ਅਤੇ ਵੋਡਾਫੋਨ ਇੰਡੀਆ ਵਰਗੇ ਟੈਲੀਕਾਮ ਆਪਰੇਟਰਾਂ ਦੀ ਪੀ.ਓ.ਐਸ. ਆਈ.ਡੀ. (POS ID) ਸੀ। ਇਹ ਮੁਲਜ਼ਮ ਸਿਮ ਕਾਰਡ ਪੋਰਟ ਕਰਨ ਜਾਂ ਨਵੇਂ ਸਿਮ ਜਾਰੀ ਕਰਨ ਦੇ ਬਹਾਨੇ ਘੱਟ ਪੜ੍ਹੇ-ਲਿਖੇ ਅਤੇ ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ।
ਜਦੋਂ ਉਹ ਇਨ੍ਹਾਂ ਲੋਕਾਂ ਦੇ ਸਿਮ ਐਕਟਿਵ ਕਰਦੇ ਸਨ, ਤਾਂ ਉਸ ਦੇ ਨਾਲ ਹੀ ਉਹ ਧੋਖੇ ਨਾਲ ਕੁਝ ਵਾਧੂ ਸਿਮ ਵੀ ਐਕਟਿਵ ਕਰ ਲੈਂਦੇ ਸਨ। ਬਾਅਦ ਵਿੱਚ ਇਨ੍ਹਾਂ ਸਿਮਾਂ ਨੂੰ ਰਾਹੁਲ ਕੁਮਾਰ ਝਾਅ ਅਤੇ ਉਸ ਦੇ ਸਾਥੀਆਂ ਰਾਹੀਂ ਮੋਟੇ ਕਮਿਸ਼ਨ ਦੇ ਬਦਲੇ ਉਸ ਮਲੇਸ਼ੀਅਨ ਨਾਗਰਿਕ ਨੂੰ ਸਪਲਾਈ ਕਰ ਦਿੱਤਾ ਜਾਂਦਾ ਸੀ।