ਸਟੇਟ ਬਿਊਰੋ, ਕੋਲਕਾਤਾ : ਪ੍ਰਾਇਮਰੀ ਅਧਿਆਪਕ ਭਰਤੀ ਘੁਟਾਲੇ ਦੀ ਸੀਬੀਆਈ ਰਿਪੋਰਟ ਦੇਖ ਕੇ ਕਲਕੱਤਾ ਹਾਈ ਕੋਰਟ ਦੇ ਜਸਟਿਸ ਅਭਿਜੀਤ ਗੰਗੋਪਾਧਿਆਇ ਹੈਰਾਨ ਹੋ ਗਏ। ਦਰਅਸਲ, ਸੀਬੀਆਈ ਨੇ ਜਸਟਿਸ ਗੰਗੋਪਾਧਿਆਇ ਦੀ ਸਿੰਗਲ ਬੈਂਚ ’ਚ ਜਮ੍ਹਾਂ ਕੀਤੀ ਗਈ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਜਿਸ ਤਰ੍ਹਾਂ ਘੁਟਾਲਾ ਹੋਇਆ ਹੈ, ਉਹ ਕਲਪਨਾ ਤੋਂ ਪਰ੍ਹੇ ਹੈ। ਆਮ ਲੋਕ ਇਸ ਬਾਰੇ ਜਾਣਨਗੇ ਤਾਂ ਹੱਕੇ-ਬੱਕੇ ਰਹਿ ਜਾਣਗੇ।

ਸੂਤਰਾਂ ਮੁਤਾਬਕ, ਸੀਬੀਆਈ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਾਇਮਰੀ ਅਧਿਆਪਕ ਦੇ ਤੌਰ ’ਤੇ ਜਿਨ੍ਹਾਂ ਲੋਕਾਂ ਦੀ ਭਰਤੀ ਕੀਤੀ ਗਈ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਟੈੱਟ (ਅਧਿਆਪਕ ਪਾਤਰਤਾ ਪ੍ਰੀਖਿਆ) ’ਚ ਸ਼ਾਮਲ ਹੀ ਨਹੀਂ ਹੋਏ। ਸੀਬੀਆਈ ਨੇ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ ਜਾਂਚ ਸਹੀ ਦਿਸ਼ਾ ’ਚ ਤੇ ਸਹੀ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ। ਉਹ ਜਾਂਚ ਦੇ ਇਕਦਮ ਆਖ਼ਰੀ ਪੜਾਅ ’ਚ ਪੁੱਜ ਗਈ ਹੈ। ਅਧਿਆਪਕਾਂ ਦੀ ਭਰਤੀ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਇਆ ਹੈ।

ਜ਼ਿਕਰਯੋਗ ਹੈ ਕਿ ਅਧਿਆਪਕ ਭਰਤੀ ਘੁਟਾਲੇ ਨਾਲ ਜੁੜੀ ਇਕ ਪਟੀਸ਼ਨ ’ਤੇ ਬੁੱਧਵਾਰ ਨੂੰ ਸੁਣਵਾਈ ਕਰਦੇ ਹੋਏ ਜਸਟਿਸ ਅਭਿਜੀਤ ਗੰਗੋਪਾਧਿਆਇ ਨੇ ਸਕੂਲ ਸੇਵਾ ਕਮਿਸ਼ਨ ਨੂੰ 28 ਸਤੰਬਰ ਤਕ ਗਰੁੱਪ ‘ਸੀ’ ਤੇ ‘ਡੀ’ ਵਿਚ 923 ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਨਿਰਦੇਸ਼ ਦਿੱਤਾ ਸੀ। ਜਸਟਿਸ ਗੰਗੋਪਾਧਿਆਇ ਨੇ ਕਿਹਾ ਸੀ ਕਿ ਨਿਯੁਕਤੀ ਪੱਤਰ ਕੌਂਸਲਿੰਗ ਦੇ ਦਿਨ ਸੌਂਪ ਦਿੱਤਾ ਜਾਣਾ ਚਾਹੀਦਾ ਹੈ ਤੇ ਭਰਤੀ ਪ੍ਰਕਿਰਿਆ 28 ਸਤੰਬਰ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਹੈ।

Posted By: Sandip Kaur