ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ 'ਚ ਅੱਗੇ ਰਹੇ ਉੱਤਰ ਪੂਰਬੀ ਸੂਬਿਆਂ 'ਚ ਸ਼ਨਿਚਰਵਾਰ ਨੂੰ ਸ਼ਾਂਤੀ ਰਹੀ। ਇਸ ਕਾਰਨ ਅਸਾਮ ਦੇ ਗੁਹਾਟੀ ਤੇ ਡਿਬਰੂਗੜ੍ਹ ਤੇ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ 'ਚ ਕਰਫਿਊ 'ਚ ਢਿੱਲ ਦਿੱਤੀ ਗਈ। ਨਾਗਾਲੈਂਡ 'ਚ ਛੇ ਘੰਟੇ ਦਾ ਬੰਦ ਰੱਖਿਆ ਗਿਆ। ਜਦਕਿ ਬੰਗਾਲ ਦੂਜੇ ਦਿਨ ਵੀ ਸੜਦਾ ਰਿਹਾ। ਸ਼ੁੱਕਰਵਾਰ ਦੀਆਂ ਘਟਨਾਵਾਂ ਨਾਲ ਰੇਲ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ, ਲਿਹਾਜ਼ਾ ਦੂਜੇ ਦਿਨ ਵੀ ਰੇਲਵੇ ਨੂੰ ਹੀ ਸਭ ਤੋਂ ਜ਼ਿਆਦਾ ਨਿਸ਼ਾਨਾ ਬਣਾਇਆ ਗਿਆ।

ਪ੍ਰਦਰਸ਼ਨਕਾਰੀਆਂ ਨੇ ਕਈ ਬੱਸਾਂ ਨੂੰ ਅੱਗ ਲਾਉਣ ਤੋਂ ਇਲਾਵਾ ਰੇਲਵੇ ਸਟੇਸ਼ਨਾਂ 'ਤੇ ਸਾੜਫੂਕ ਕੀਤੀ, ਫਰਨੀਚਰ ਨੂੰ ਟ੍ਰੈਕ 'ਤੇ ਸੁੱਟ ਕੇ ਅੱਗ ਲਾ ਦਿੱਤੀ, ਟਿਕਟ ਕਾਊਂਟਰਾਂ ਤੇ ਭੰਨਤੋੜ ਤੇ ਲੁੱਟਮਾਰ ਕੀਤੀ। ਖ਼ਾਲੀ ਖੜ੍ਹੀਆਂ ਚਾਰ ਟ੍ਰੇਨਾਂ ਤੇ ਮਾਲਗੱਡੀਆਂ ਦੇ ਇੰਜਣ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਜਾਨ ਬਚਾਉਣ ਲਈ ਰੇਲ ਮੁਲਾਜ਼ਮ ਸਟੇਸ਼ਨਾਂ ਨੂੰ ਛੱਡ ਕੇ ਭੱਜ ਗਏ। ਲਿਹਾਜ਼ਾ 40 ਤੋਂ ਜ਼ਿਆਦਾ ਈਐੱਮਯੂ ਤੇ ਐਕਸਪ੍ਰਰੈੱਸ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ। ਸੱਤ ਟ੍ਰੇਨਾਂ ਨੂੰ ਰਸਤੇ ਵਿਚ ਹੀ ਰੋਕ ਦਿੱਤਾ ਗਿਆ। ਜਦਕਿ ਪੰਜ ਟ੍ਰੇਨਾਂ ਨੂੰ ਰਸਤਾ ਬਦਲ ਕੇ ਚਲਾਇਆ ਗਿਆ। ਉੱਧਰ, ਨਵੀਂ ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ 'ਚ ਪੰਜ ਜਨਵਰੀ ਤਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤੇ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਸੂਤਰਾਂ ਮੁਤਾਬਕ, ਬੰਗਾਲ 'ਚ ਪ੍ਰਦਰਸ਼ਨਕਾਰੀਆਂ ਨੇ ਸ਼ਨਿਚਰਵਾਰ ਨੂੰ ਪੂਰਬੀ ਰੇਲਵੇ ਦੇ ਸਿਆਲਦਾਹ ਡਵੀਜ਼ਨ ਤਹਿਤ ਕਈ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ। ਮੁਰਸ਼ਿਦਾਬਾਦ ਦੇ ਸੁਜਨੀਪਾੜਾ ਸਟੇਸ਼ਨ ਨੂੰ ਭੰਨਤੋੜ ਤੋਂ ਬਾਅਦ ਅੱਗ ਲਾ ਦਿੱਤੀ ਗਈ। ਕ੍ਰਿਸ਼ਨਪੁਰ ਸਟੇਸ਼ਨ 'ਤੇ ਖ਼ਾਲੀ ਖੜ੍ਹੀਆਂ ਚਾਰ ਟ੍ਰੇਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਲਾਲਗੋਲਾ, ਜਿਆਗੰਜ ਸਟੇਸ਼ਨਾਂ 'ਚ ਵੀ ਭੰਨਤੋੜ ਕੀਤੀ ਗਈ। ਸਟੇਸ਼ਨਾਂ ਦੇ ਫਰਨੀਚਰ ਨੂੰ ਟ੍ਰੈਕ 'ਤੇ ਪਾ ਕੇ ਅੱਗ ਲਾ ਦਿੱਤੀ ਗਈ। ਇਸ ਨਾਲ ਲਾਲਗੋਲਾ-ਕ੍ਰਿਸ਼ਨਾਨਗਰ ਸੈਕਸ਼ਨ 'ਤੇ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।

ਪ੍ਰਦਰਸ਼ਨਕਾਰੀਆਂ ਨੇ ਦੂਜੇ ਦਿਨ ਵੀ ਬੇਲਡਾਂਗਾ ਸਟੇਸ਼ਨ 'ਤੇ ਭੰਨਤੋੜ ਤੇ ਸਾੜਫੂਕ ਕੀਤੀ। ਮੌਕੇ 'ਤੇ ਪੁੱਜੀ ਫਾਇਰ ਬਿ੍ਗੇਡ ਦੀ ਗੱਡੀ ਨੂੰ ਅੱਗ ਲਾ ਦਿੱਤੀ ਗਈ। ਹਾਰੂਆ ਰੋਡ ਸਟੇਸ਼ਨ ਦੇ ਨਜ਼ਦੀਕ ਤੇ ਸੋਨਦਲੀਆ-ਲੇਬੁਤਲਾ ਸਟੇਂਸ਼ਨ ਵਿਚਾਲੇ ਲੈਵਲ ਕ੍ਰਾਸਿੰਗ ਤੋੜ ਦਿੱਤਾ ਗਿਆ। ਟ੍ਰੇਨਾਂ 'ਤੇ ਵੀ ਜ਼ਬਰਦਸਤ ਪਥਰਾਅ ਕੀਤਾ ਗਿਆ। ਭੀੜ ਦੇ ਤੇਵਰ ਦੇਖ ਕੇ ਆਰਪੀਐੱਫ ਤੇ ਜੀਆਰਪੀ ਦੇ ਨਾਲ ਹੀ ਰੇਲ ਮੁਲਾਜ਼ਮ ਵੀ ਭੱਜ ਗਏ।

ਦੱਖਣ-ਪੂਰਬੀ ਰੇਲਵੇ ਦੇ ਹਾਵੜਾ-ਖੜਗਪੁਰ ਸੈਕਸ਼ਨ 'ਤੇ ਵੀ ਪ੍ਰਦਰਸ਼ਨਕਾਰੀਆਂ ਨੇ ਜ਼ਬਰਦਸਤ ਹਿੰਸਾ ਕੀਤੀ। ਭੀੜ ਨੇ ਸਾਂਕਰਾਇਲ ਸਟੇਸ਼ਨ 'ਤੇ ਸਟੇਸ਼ਨ ਮਾਸਟਰ ਦੇ ਕਮਰੇ ਦੇ ਪੈਨਲ ਬੋਰਡ, ਟਿਕਟ ਕਾਊਂਟਰ, ਪਲੇਟਫਾਰਮ 'ਤੇ ਲੱਗੀਆਂ ਲਾਈਟਾਂ, ਪੱਖੇ, ਲੈਵਲ ਕ੍ਰਾਸਿੰਗ ਗੇਟ ਨੂੁੰ ਤੋੜ ਦਿੱਤਾ। ਟਿਕਟ ਕਾਊਂਟਰਾਂ 'ਤੇ ਲੁੱਟਮਾਰ ਤੇ ਸਾੜਫੂਕ ਵੀ ਕੀਤੀ ਗਈ। ਨਲਪੁਰ ਤੇ ਚੰਗੇਲ ਸਟੇਸ਼ਨ 'ਤੇ ਵੀ ਭੰਨਤੋੜ ਕੀਤੀ ਗਈ।

ਬਾਓਰੀਆ ਸਟੇਸ਼ਨ 'ਤੇ ਮਾਲਦਾ ਵੱਲ ਜਾ ਰਹੀ ਮਾਲਗੱਡੀ ਦੇ ਇੰਜਣ 'ਚ ਅੱਗ ਲਗਾ ਦਿੱਤੀ ਗਈ। ਥਾਂ-ਥਾਂ ਰੇਲ ਪਟੜੀ 'ਤੇ ਟਾਇਰ ਸਾੜ ਕੇ ਟ੍ਰੇਨਾਂ ਦੀ ਆਵਾਜਾਈ ਠੱਪ ਕਰ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਪਹੁੰਚੇ ਰੇਲ ਮੁਲਾਜ਼ਮਾਂ ਨਾਲ ਵੀ ਮਾਰਕੁੱਟ ਕੀਤੀ ਗਈ। ਮਾਲਦਾ ਡਵੀਜ਼ਨ ਦੇ ਹਰੀਸ਼ਚੰਦਰਪੁਰ ਤੇ ਨਿਮਤਿਤਾ ਰੇਲਵੇ ਸਟੇਸ਼ਨ 'ਤੇ ਵੀ ਭੀੜ ਨੇ ਭੰਨਤੋੜ ਤੇ ਸਾੜਫੂਕ ਕੀਤੀ।

ਪ੍ਰਦਰਸ਼ਨਕਾਰੀਆਂ ਨੇ ਬੱਸਾਂ ਤੇ ਹੋਰ ਗੱਡੀਆਂ ਨੂੰ ਵੀ ਨਿਸ਼ਾਨਾ ਬਣਾਇਆ। ਕੋਨਾ ਐਕਸਪ੍ਰਰੈੱਸ ਵੇਅ 'ਤੇ ਕਰੀਬ 25 ਸਰਕਾਰੀ ਤੇ ਨਿੱਜੀ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ।

ਮਾਲਦਾ ਤੇ ਮੁਰਸ਼ਿਦਾਬਾਦ ਜ਼ਿਲ੍ਹੇ 'ਚ ਪ੍ਰਦਰਸ਼ਨਕਾਰੀਆਂ ਨੇ ਟੋਲ ਪਲਾਜ਼ਾ ਨੂੰ ਵੀ ਅੱਗ ਲਾ ਦਿੱਤੀ। ਇੱਥੇ ਯਾਤਰੀਆਂ ਨੂੰ ਜ਼ਬਰਦਸਤੀ ਲਾਹ ਦਿੱਤਾ ਗਿਆ। ਜ਼ਿਲ੍ਹੇ 'ਚ ਪੁਲਿਸ ਨੂੰ ਲਾਠੀਚਾਰਜ ਤਕ ਕਰਨਾ ਪਿਆ। ਹਾਵੜਾ ਤੇ ਦੋਮਜੁਰ ਬਗਨਾਨ 'ਚ ਟਾਇਰ ਸਾੜ ਕੇ ਸੜਕਾਂ ਨੂੰ ਬਲਾਕ ਕਰ ਦਿੱਤਾ ਤੇ ਕਈ ਦੁਕਾਨਾਂ 'ਚ ਵੀ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਬੀਰਭੂਮ ਜ਼ਿਲ੍ਹੇ ਦੇ ਮਗ੍ਰਾਰਮ 'ਚ ਵੀ ਟਾਇਰ ਸਾੜ ਕੇ ਸੜਕਾਂ ਨੂੰ ਬਲਾਕ ਕਰ ਦਿੱਤਾ।