ਜਾਗਰਣ ਬਿਊਰੋ, ਨਵੀਂ ਦਿੱਲੀ : ਨਾਗਰਿਕਤਾ ਸੋਧ ਬਿੱਲ ਬੁੱਧਵਾਰ ਨੂੰ ਰਾਜ ਸਭਾ ਵਿਚੋਂ ਪਾਸ ਹੋ ਗਿਆ। ਇਸ ਬਿੱਲ 'ਚ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਹਿੰਦੂ, ਸਿੱਖ, ਬੌਧ, ਜੈਨ, ਪਾਰਸੀ ਤੇ ਈਸਾਈ ਫਿਰਕੇ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਵਿਵਸਥਾ ਹੈ।

ਰਾਜ ਸਭਾ ਨੇ ਵਿਸਥਾਰਤ ਚਰਚਾ ਤੋਂ ਬਾਅਦ ਇਸ ਬਿੱਲ ਨੂੰ ਪਾਸ ਕਰ ਦਿੱਤਾ। ਵਿਆਪਕ ਚਰਚਾ ਤੋਂ ਬਾਅਦ ਉੱਚ ਸਦਨ ਨੇ ਬਿੱਲ ਨੂੰ ਉਚੇਰੀ ਕਮੇਟੀ 'ਚ ਭੇਜੇ ਜਾਣ ਦੇ ਵਿਰੋਧੀ ਧਿਰ ਦੇ ਮਤੇ ਤੇ ਸੋਧਾਂ ਨੂੰ ਖਾਰਜ ਕਰ ਦਿੱਤਾ। ਬਿੱਲ ਦੇ ਹੱਕ ਵਿਚ 125 ਵੋਟਾਂ ਤੇ ਵਿਰੋਧ 'ਚ 105 ਮੈਂਬਰਾਂ ਨੇ ਮਤਦਾਨ ਕੀਤਾ। ਲੋਕ ਸਭਾ 'ਚ ਇਹ ਬਿੱਲ ਪਹਿਲਾਂ ਹੀ ਪਾਸ ਹੋ ਚੁੱਕਾ ਹੈ।

ਸਦਨ 'ਚ ਚਰਚਾ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਦੇ ਇਤਰਾਜ਼ਾਂ 'ਤੇ ਜਵਾਬ ਦਿੱਤਾ। ਉਨ੍ਹਾਂ ਸਪਸ਼ਟ ਕੀਤਾ ਕਿ ਭਾਰਤ ਦੇ ਮੁਸਲਮਾਨ ਭਾਰਤੀ ਨਾਗਰਿਕ ਸਨ, ਹਨ ਤੇ ਬਣੇ ਰਹਿਣਗੇ। ਬਿੱਲ 'ਚ ਸਿਰਫ਼ ਗੈਰ ਮੁਸਲਮਾਨਾਂ ਨੂੰ ਸ਼ਾਮਲ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਤਿੰਨਾਂ ਦੇਸ਼ਾਂ 'ਚ ਘੱਟ ਗਿਣਤੀਆਂ ਦੀ ਆਬਾਦੀ 'ਚ ਖਾਸੀ ਕਮੀ ਆਈ ਹੈ।

ਸ਼ਾਹ ਨੇ ਕਿਹਾ ਕਿ ਬਿੱਲ 'ਚ ਸ਼ੋਸ਼ਣ ਦੇ ਸ਼ਿਕਾਰ ਹੋਏ ਘੱਟ ਗਿਣਤੀ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਵਿਵਸਥਾ ਹੈ। ਵੋਟ ਬੈਂਕ ਦੀ ਸਿਆਸਤ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਸ਼ਾਹ ਨੇ ਭਰੋਸਾ ਦਿੱਤਾ ਕਿ ਇਹ ਤਜਵੀਜ਼ਸ਼ੁਦਾ ਕਾਨੂੰਨ ਬੰਗਾਲ ਸਮੇਤ ਪੂਰੇ ਦੇਸ਼ 'ਚ ਲਾਗੂ ਹੋਵੇਗਾ। ਬਿੱਲ ਦੇ ਸੰਵਿਧਾਨਕ ਹੋਣ ਦੀ ਦਲੀਲ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸੰਸਦ ਨੂੰ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਦਾ ਅਧਿਕਾਰ ਖੁਦ ਸੰਵਿਧਾਨ 'ਚ ਦਿੱਤਾ ਗਿਆ ਹੈ। ਸ਼ਾਹ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਇਹ ਤਜਵੀਜ਼ਸ਼ੁਦਾ ਕਾਨੂੰਨ ਅਦਾਲਤ 'ਚ ਨਿਆਇਕ ਸਮੀਖਿਆ 'ਚ ਸਹੀ ਠਹਿਰਾਇਆ ਜਾਵੇਗਾ।


ਵੋਟਿੰਗ ਦੌਰਾਨ ਗੈਰ-ਹਾਜ਼ਰ ਰਹੇ 10 ਸੰਸਦ ਮੈਂਬਰ

ਰਾਜਸਭਾ 'ਚ ਬੁੱਧਵਾਰ ਨੂੰ ਨਾਗਰਿਕਤਾ ਸੋਧ ਬਿੱਲ 'ਤੇ ਵੋਟਿੰਗ ਦੌਰਾਨ ਸਦਨ ਵਿਚੋਂ ਦਸ ਸੰਸਦ ਮੈਂਬਰ ਗੈਰ-ਹਾਜ਼ਰ ਰਹੇ। ਹਾਲਾਂਕਿ ਇਨ੍ਹਾਂ 'ਚੋਂ ਸ਼ਿਵ ਸੈਨਾ ਦੇ ਤਿੰਨ ਸੰਸਦ ਮੈਂਬਰ ਸਦਨ 'ਚ ਚਰਚਾ ਦੌਰਾਨ ਮੌਜੂਦ ਸਨ ਪਰ ਵੋਟਿੰਗ 'ਚ ਹਿੱਸਾ ਨਹੀਂ ਲਿਆ। ਇਸ ਦੇ ਨਾਲ ਹੀ ਜਿਹੜੇ ਹੋਰ ਸੱਤ ਮੈਂਬਰ ਗੈਰ-ਹਾਜ਼ਰ ਸਨ, ਉਨ੍ਹਾਂ 'ਚ ਜ਼ਿਆਦਾਤਰ ਖਰਾਬ ਸਿਹਤ ਦੇ ਕਾਰਨ ਨਹੀਂ ਆਏ ਸਨ। ਸਾਰਿਆਂ ਨੇ ਸਦਨ ਨੂੰ ਇਸ ਦੀ ਪਹਿਲਾਂ ਸੂਚਨਾ ਦਿੱਤੀ ਸੀ।

ਗੈਰ-ਹਾਜ਼ਰ ਰਹੇ ਮੈਂਬਰਾਂ 'ਚ ਐੱਨਸੀਪੀ ਦੇ ਦੋ ਮੈਂਬਰ ਮਾਜਿਦ ਮੈਨਨ ਤੇ ਵੰਦਨਾ ਚੌਹਾਨ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ ਬੇਨੀ ਪ੍ਰਸਾਦ ਵਰਮਾ, ਭਾਜਪਾ ਦੇ ਸੰਸਦ ਮੈਂਬਰ ਅਨਿਲ ਬਲੂਨੀ, ਅਮਰ ਸਿੰਘ, ਆਜ਼ਾਦ ਮੈਂਬਰ ਵਰਿੰਦਰ ਕੁਮਾਰ ਤੇ ਇਕ ਹੋਰ ਆਜ਼ਾਦ ਮੈਂਬਰ ਸ਼ਾਮਲ ਸਨ। ਦੱਸਣਯੋਗ ਹੈ ਕਿ ਰਾਜ ਸਭਾ 'ਚ ਮੌਜੂਦਾ ਸਮੇਂ 'ਚ ਸ਼ਿਵ ਸੈਨਾ ਦੇ ਕੁਲ ਤਿੰਨ ਮੈਂਬਰ ਹਨ, ਇਨ੍ਹਾਂ 'ਚ ਸੰਜੇ ਰਾਓਤ, ਰਾਜ ਕੁਮਾਰ ਧੂਤ ਤੇ ਅਨਿਲ ਦੇਸਾਈ ਸ਼ਾਮਲ ਹਨ। ਇਵੇਂ ਤਾਂ ਕਾਂਗਰਸ ਦਾ ਦਬਾਅ ਸੀ ਕਿ ਉਹ ਵਿਰੋਧੀ ਧਿਰ 'ਚ ਵੋਟ ਦੇਣ ਪਰ ਸ਼ਿਵ ਸੈਨਾ ਨੇ ਸਿਰਫ਼ ਵੋਟਿੰਗ ਦਾ ਬਾਈਕਾਟ ਕੀਤਾ।


'ਭਾਰਤ ਲਈ ਅੱਜ ਇਤਿਹਾਸਕ ਦਿਨ ਹੈ। ਮੈਨੂੰ ਖੁਸ਼ੀ ਹੈ ਕਿ ਇਹ ਬਿੱਲ ਰਾਜ ਸਭਾ 'ਚ ਪਾਸ ਹੋ ਗਿਆ। ਮੈਂ ਇਸ ਦੇ ਹੱਕ 'ਚ ਮਤਦਾਨ ਕਰਨ ਵਾਲੇ ਸਾਰੇ ਸੰਸਦ ਮੈਂਬਰਾਂ ਦਾ ਧੰਨਵਾਦੀ ਹਾਂ। ਇਹ ਬਿੱਲ ਸਾਲਾਂ ਤੋਂ ਸ਼ੋਸ਼ਣ ਝੱਲ ਰਹੇ ਲੋਕਾਂ ਦਾ ਦੁੱਖ ਦੂਰ ਕਰੇਗਾ।'

-ਨਰਿੰਦਰ ਮੋਦੀ, ਪ੍ਰਧਾਨ ਮੰਤਰੀ


'ਅੱਜ ਭਾਰਤ ਦੇ ਸੰਵਿਧਾਨਕ ਇਤਿਹਾਸ 'ਚ ਕਾਲਾ ਦਿਨ ਹੈ। ਨਾਗਰਿਕਤਾ ਸੋਧ ਬਿੱਲ ਦਾ ਪਾਸ ਹੋਣਾ ਛੋਟੀ ਸੋਚ ਵਾਲੀ ਤੇ ਕੱਟੜ ਤਾਕਤਾਂ ਦੀ ਭਾਰਤ ਦੇ ਬਹੁਵਾਦ 'ਤੇ ਜਿੱਤ ਹੈ।'

-ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ

Posted By: Jagjit Singh