ਜਾਗਰਣ ਬਿਊਰੋ, ਨਵੀਂ ਦਿੱਲੀ : ਅਹਿਮਦਾਬਾਦ ਤੋਂ ਮੁੰਬਈ ਵਿਚਾਲੇ ਦੇਸ਼ ਦੀ ਪਹਿਲੀ ਮਹੱਤਵਪੂਰਨ ਬੁਲੇਟ ਟ੍ਰੇਨ ਪ੍ਰਾਜੈਕਟ ਦੇ ਕੰਮ ਨੇ ਹੁਣ ਰਫ਼ਤਾਰ ਫੜ ਲਈ ਹੈ। ਪ੍ਰਾਜੈਕਟ ਦੀ ਦੋ-ਤਿਹਾਈ ਦੂਰੀ ਨਾਲ ਸਬੰਧਤ ਨਿਰਮਾਣ ਠੇਕਿਆਂ ਲਈ ਟੈਂਡਰ ਮੰਗੇ ਜਾ ਚੁੱਕੇ ਹਨ। ਇਨ੍ਹਾਂ ਦੇ ਠੇਕੇ ਅਗਲੇ ਕੁਝ ਮਹੀਨਿਆਂ ਵਿਚ ਦੇ ਦਿੱਤੇ ਜਾਣਗੇ ਅਤੇ ਕੰਮ ਸ਼ੁਰੂ ਹੋ ਜਾਵੇਗਾ। ਬਾਕੀ ਇਕ-ਤਿਹਾਈ ਦੂਰੀ, ਜਿਸ ਵਿਚ ਜ਼ਮੀਨ ਐਕਵਾਇਰ ਦੀਆਂ ਅੜਚਨਾਂ ਹਨ, ਦੇ ਟੈਂਡਰ ਬਾਅਦ ਵਿਚ ਮੰਗੇ ਜਾਣਗੇ। ਇਸੇ ਨਾਲ ਪ੍ਰਾਜੈਕਟ ਦੇ ਨਿਰਧਾਰਤ ਸਮੇਂ 'ਤੇ ਪੂਰਾ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਪ੍ਰਾਜੈਕਟ ਵਿਚ ਜਲ ਸੁਰੱਖਿਆ ਅਤੇ ਕਚਰਾ ਮੈਨੇਜਮੈਂਟ ਦੇ ਅਜਿਹੇ ਇੰਤਜ਼ਾਮ ਕੀਤੇ ਜਾ ਰਹੇ ਹਨ ਜਿਹੜੇ ਦੇਸ਼ ਦੇ ਹੋਰਨਾਂ ਇੰਫ੍ਰਾਸਟ੍ਕਚਰ ਪ੍ਰਾਜੈਕਟ ਲਈ ਮਿਸਾਲ ਬਣਨਗੇ।

ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ (ਐੱਨਐੱਚਆਰਸੀਐੱਲ) ਦੇ ਅਧਿਕਾਰੀਆਂ ਮੁਤਾਬਕ ਹਾਲ ਹੀ ਵਿਚ ਕਾਰਪੋਰੇਸ਼ਨ ਨੇ ਆਨੰਦ-ਨਡਿਆਡ ਵਿਚਾਲੇ 90 ਕਿਲੋਮੀਟਰ ਦੂਰੀ ਦੇ ਐਲੀਵੇਟਿਡ ਕਾਰੀਡੋਰ ਨਾਲ ਸਬੰਧਤ ਵੱਖ-ਵੱਖ ਨਿਰਮਾਣ ਕੰਮਾਂ ਦੇ ਟੈਂਡਰ ਮੰਗੇ ਹਨ। ਇਨ੍ਹਾਂ ਦੀ ਬੋਲੀ ਲਈ ਚਾਰ ਮਹੀਨੇ ਦਾ ਸਮਾਂ ਦਿੱਤਾ ਗਿਆ। ਇਨ੍ਹਾਂ ਟੈਂਡਰਾਂ ਨਾਲ ਸਬੰਧਤ 66 ਫ਼ੀਸਦੀ ਤੋਂ ਜ਼ਿਆਦਾ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ। ਠੇਕਾ ਪਾਉਣ ਵਾਲੀ ਕੰਪਨੀ ਨੂੰ ਇਹ ਕੰਮ 1370 ਦਿਨਾਂ ਵਿਚ ਪੂਰਾ ਕਰਨਾ ਹੋਵੇਗਾ। ਇਸੇ ਨਾਲ ਪ੍ਰਾਜੈਕਟ ਨਾਲ ਸਬੰਧਤ 69 ਫ਼ੀਸਦੀ (348 ਕਿਲੋਮੀਟਰ) ਕੰਮਾਂ ਲਈ ਟੈਂਡਰ ਮੰਗੇ ਜਾ ਚੁੱਕੇ ਹਨ। ਪ੍ਰਾਜੈਕਟ ਦੀ ਕੁਲ ਦੂਰੀ 508 ਕਿਲੋਮੀਟਰ ਹੈ, ਜਿਸ ਵਿਚ 21 ਕਿਲੋਮੀਟਰ ਦਾ ਹਿੱਸਾ ਅੰਡਰਗਰਾਊਂਡ ਸੁਰੰਗ ਅਤੇ 5 ਐਲੀਵੇਟਿਡ ਸਟੇਸ਼ਨਾਂ ਅਤੇ ਇਕ ਸੂਰਤ ਵਿਚ ਬਣਨ ਵਾਲੇ ਡਿਪੂ ਨਾਲ ਸਬੰਧਤ ਟੈਂਡਰ ਹੈ।

ਇਸ ਤੋਂ ਪਹਿਲਾਂ ਪ੍ਰਾਜੈਕਟ ਦੇ ਐਲੀਵੇਟਿਡ ਹਿੱਸੇ ਲਈ ਦੋ ਟੈਂਡਰ ਮੰਗੇ ਜਾ ਚੁੱਕੇ ਹਨ। ਇਨ੍ਹਾਂ ਵਿਚ ਇਕ ਦਾ ਸਬੰਧ ਮਹਾਰਾਸ਼ਟਰ-ਗੁਜਰਾਤ ਸਰਹੱਦ ਅਤੇ ਵਡੋਦਰਾ ਦੇ ਜਰੋਲੀ ਪਿੰਡ ਵਿਚਾਲੇ 237.10 ਕਿਲੋਮੀਟਰ ਲੰਬੀ ਅੰਡਰਗਰਾਊਂਡ ਸੁਰੰਗ ਨਾਲ ਹੈ ਜਿਸ ਦਾ ਸੱਤ ਕਿਲੋਮੀਟਰ ਹਿੱਸਾ ਮਹਾਰਾਸ਼ਟਰ ਵਿਚ ਸਮੁੰਦਰ ਦੇ ਅੰਦਰੋਂ ਗੁਜ਼ਰੇਗਾ।