ਪਣਜੀ (ਏਜੰਸੀ) : ਜਲ ਸੈਨ ਦੀ ਰਸਮੀ ਸਹਿਮਤੀ ਦੇ ਬਗ਼ੈਰ ਦਾਬੋਲਿਮ ਏਅਰਪੋਰਟ ਦੇ ਨੇੜੇ ਬਣੀਆਂ ਇਮਾਰਤਾਂ ਆਈਐੱਨਐੱਸ ਹੰਸਾ ਨੇਵੀ ਅੱਡੇ ਦੀ ਸੁਰੱਖਿਆ ਲਈ ਖ਼ਤਰਾ ਹਨ। ਨਾਲ ਹੀ ਇਸ ਨਾਲ ਇੱਥੇ ਸੰਚਾਲਿਤ ਹੋਣ ਵਾਲੇ ਏਅਰਪੋਰਟ ਤੇ ਜਹਾਜ਼ਾਂ ਦੀ ਸੁਰੱਖਿਆ 'ਤੇ ਵੀ ਲਗਾਤਾਰ ਖਤਰਾ ਮੰਡਰਾ ਰਿਹਾ ਹੈ। ਇਹ ਗੱਲ ਸੋਮਵਾਰ ਨੂੰ ਜਲ ਸੈਨਾ ਨੇ ਆਪਣੇ ਇਕ ਬਿਆਨ 'ਚ ਕਹੀ।

ਆਪਣੇ ਬਿਆਨ 'ਚ ਜਲ ਸੈਨਾ ਨੇ ਇਹ ਵੀ ਕਿਹਾ ਕਿ ਸਥਾਨਕ ਸਿਆਸਤਦਾਨਾਂ ਨੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ 2015 ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਨ 'ਚ ਜਿਹੜਾ ਸ਼ੱਕ ਪ੍ਰਗਟਾਇਆ ਹੈ, ਉਹ ਬੇਬੁਨਿਆਦ ਹੈ। ਇਸ ਨੋਟੀਫਿਕੇਸ਼ਨ ਦੇ ਤਹਿਤ ਗੋਆ ਦੇ ਮਾਮਲੇ 'ਚ ਦਾਬੋਲਿਮ ਏਅਰਪੋਰਟ ਦੇ ਰਨਵੇ ਤੋਂ 20 ਕਿਲੋਮੀਟਰ ਦੇ ਦਾਇਰੇ 'ਚ ਨਿਰਮਾਣ ਲਈ ਏਅਰੋਡਰੋਮ ਸੰਚਾਲਨ ਅਥਾਰਟੀ ਤੋਂ ਮਨਜ਼ੂਰੀ ਲੈਣਾ ਜ਼ਰੂਰੀ ਹੈ। ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਏਅਰਪੋਰਟ ਦੇ ਆਸ-ਪਾਸ ਦੇ ਇਲਾਕੇ 'ਚ ਕੁਝ ਖ਼ਾਸ ਇਮਾਰਤਾਂ ਸੁਰੱਖਿਅਤ ਉਡਾਣ ਦੇ ਨਾਲ ਨਾਲ ਇਸ ਮਹੱਤਵਪੂਰਣ ਏਅਰਬੇਸ ਦੀ ਸੁਰੱਖਿਆ ਲਈ ਬਹੁਤ ਖਤਰਨਾਕ ਹਨ। ਇਨ੍ਹਾਂ ਇਮਾਰਤਾਂ ਦੇ ਨਿਰਮਾਣ ਦੌਰਾਨ ਜਲ ਸੈਨਾ ਤੋਂ ਐੱਨਓਸੀ ਨਹੀਂ ਲਈ ਗਈ।

ਬਿਆਨ 'ਚ ਕਿਹਾ ਗਿਆ ਹੈ ਕਿ ਇਸ ਮਾਮਲੇ ਨੂੰ ਗੋਆ ਦੀ ਸੂਬਾ ਸਰਕਾਰ ਦੇ ਨੋਟਿਸ 'ਚ ਲਿਆਂਦਾ ਗਿਆ ਹੈ ਅਤੇ ਇਸਨੂੰ ਉਚਿਤ ਤਰੀਕੇ ਨਾਲ ਉਨ੍ਹਾਂ ਦੇ ਸਾਹਮਣੇ ਉਠਾਇਆ ਜਾ ਰਿਹਾ ਹੈ। ਅਸਲ 'ਚ ਪਿਛਲੇ ਹਫ਼ਤੇ ਸੂਬਾ ਸਰਕਾਰ ਦੇ ਟਰਾਂਸਪੋਰਟ ਮੰਤਰੀ ਮੌਵੀਨ ਗੋਡਿਨਹੋ ਤੇ ਸਾਬਕਾ ਉਪ ਮੁੱਖ ਮੰਤਰੀ ਵਿਜਈ ਸਰਦੇਸਾਈ ਨੇ ਜਲ ਸੈਨਾ 'ਤੇ ਦਖ਼ਲ ਦੇਣ ਦਾ ਦੋਸ਼ ਲਗਾਇਆ ਸੀ।