ਨਵੀਂ ਦਿੱਲੀ (ਏਐੱਨਆਈ) : ਗਰਮੀ ਕਾਰਨ ਜਦੋਂ ਕਸ਼ਮੀਰ 'ਚ ਬਰਫ਼ ਪਿਘਲਣ ਲੱਗਦੀ ਹੈ, ਉਦੋਂ ਮੌਸਮ ਪਾਕਿਸਤਾਨ ਦੇ ਪਾਲੇ ਅੱਤਵਾਦੀਆਂ ਦੀ ਘੁਸਪੈਠ ਲਈ ਮੁਫ਼ੀਦ ਹੋ ਜਾਂਦਾ ਹੈ। ਇਸ ਤੱਥ ਤੋਂ ਵਾਕਫ਼ ਸੁਰੱਖਿਆ ਬਲ ਇਨ੍ਹੀਂ ਦਿਨੀਂ ਬੇਹੱਦ ਚੌਕਸੀ ਵਰਤ ਰਹੇ ਹਨ ਤੇ ਘੁਸਪੈਠ ਲਈ ਘਾਤ ਲਾਈ ਬੈਠੇ ਅੱਤਵਾਦੀ ਲਾਂਚਿੰਗ ਪੈਡ 'ਤੇ ਹੀ ਮਾਰ ਮੁਕਾਏ ਜਾ ਰਹੇ ਹਨ।

ਬੀਐੱਸਐੱਫ (ਬਾਰਡਰ ਸੁਰੱਖਿਆ ਬਲ) ਦੇ ਮਹਾਨਿਰਦੇਸ਼ਕ (ਡੀਜੀ) ਐੱਸਐੱਸ ਦੇਸਵਾਲ ਨੇ ਖਾਸ ਗੱਲਬਾਤ 'ਚ ਕਿਹਾ ਕਿ ਭਾਰਤੀ ਸੁਰੱਖਿਆ ਬਲ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ, 'ਗਰਮੀਆਂ ਦੇ ਦਿਨਾਂ 'ਚ ਜਦੋਂ ਬਰਫ਼ ਪਿਘਲਣ ਲੱਗੀ ਹੈ ਤਾਂ ਨਦੀਆਂ ਦੇ ਰਸਤਿਓਂ ਅੱਤਵਾਦੀ ਜੰਮੂ-ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਸ਼ੁਰੂ ਕਰ ਦਿੰਦੇ ਹਨ। ਜ਼ਿਆਦਾ ਮਾਮਲਿਆਂ 'ਚ ਅੱਤਵਾਦੀਆਂ ਨੂੰ ਸਰਹੱਦੋਂ ਪਾਰ ਸਥਿਤ ਉਨ੍ਹਾਂ ਦੇ ਲਾਂਚਿੰਗ ਪੈਡ 'ਤੇ ਹੀ ਮਾਰ ਮੁਕਾਇਆ ਜਾ ਰਿਹਾ ਹੈ। ਅਸੀਂ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ 'ਚ ਸਮਰੱਥ ਹੈ'।

ਦੇਸਵਾਲ ਨੇ ਪਿਛਲੇ ਹਫ਼ਤੇ ਜੈਸਲਮੇਰ ਦਾ ਦੌਰਾ ਕਰ ਕੇ 50 ਕਿਲੋਮੀਟਰ ਦੀ ਦੂਰੀ 'ਚ ਸਥਿਤ 18 ਸਰਹੱਦੀ ਚੌਕੀਆਂ ਦਾ ਵੀ ਜਾਇਜ਼ਾ ਲਿਆ ਸੀ। ਉਨ੍ਹਾਂ ਨਾਲ ਹੋਰ ਚੋਟੀ ਦੇ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ, 'ਹਾਲ 'ਚ ਹੀ ਮੈਂ ਜੈਸਲਮੇਰ ਗਿਆ ਸੀ। ਮੈਂ ਜਵਾਨਾਂ ਨੂੰ ਮਿਲਿਆ, ਜਿਨ੍ਹਾਂ ਦਾ ਮਨੋਬਲ ਕਾਫੀ ਉੱਚਾ ਹੈ। ਉਹ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਮੈਂ ਜਵਾਨਾਂ ਨੂੰ ਸਿਹਤਮੰਦ ਤੇ ਸੁਰੱਖਿਅਤ ਰਹਿਣ ਦੇ ਨਾਲ-ਨਾਲ ਸਰੀਰਕ ਦੂਰੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਹੈ।'

ਵੱਡੀ ਗਿਣਤੀ 'ਚ ਬੀਐੱਸਐੱਫ ਜਵਾਨਾਂ ਨੂੰ ਕੋਰੋਨਾ ਇਨਫੈਕਟਿਡ ਪਾਏ ਜਾਣ ਦੇ ਸਵਾਲਾਂ 'ਤੇ ਦੇਸਵਾਲ ਨੇ ਕਿਹਾ, 'ਮੈਂ ਉਨ੍ਹਾਂ ਜਵਾਨਾਂ ਨਾਲ ਗੱਲ ਕੀਤੀ ਹੈ ਜੋ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਕੋਰੋਨਾ ਦੇ ਲੱਛਣ ਨਹੀਂ ਹੈ। ਜਦੋਂ ਉਨ੍ਹਾਂ ਨੂੰ ਕੋਰੋਨਾ ਇਨਫੈਕਟਿਡ ਪਾਇਆ ਗਿਆ ਉਦੋਂ ਪੂਰੀ ਤਰ੍ਹਾਂ ਸਿਹਤਮੰਦ ਸਨ।' ਉਨ੍ਹਾਂ ਨੇ ਕਿਹਾ, 'ਕੋਰੋਨਾ ਇਨਫੈਕਟਿਡ ਪਾਏ ਗਏ ਕੇਂਦਰੀ ਟੀਮ, ਕੋਲਕਾਤਾ ਦੇ ਸਾਰੇ ਛੇ ਜਵਾਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮੈਂ ਉਨ੍ਹਾਂ ਵਿਚੋਂ ਇਕ ਨਾਲ ਗੱਲ ਕੀਤੀ ਹੈ। ਇਕ ਹਫ਼ਤੇ ਦੇ ਕੁਆਰੰਟਾਈਨ ਤੋਂ ਬਾਅਦ ਉਹ ਕੰਮ 'ਤੇ ਪਰਤ ਆਉਣਗੇ।' ਬੀਐੱਸਐੱਫ ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ ਦੀ ਸੁਰੱਖਿਆ ਕਰਦਾ ਹੈ। ਇਨ੍ਹਾਂ ਦੀ ਸਮਰੱਥਾ ਤਿੰਨ ਲੱਖ ਹੈ।