ਨਵੀਂ ਦਿੱਲੀ (ਏਜੰਸੀ) : ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸਪੇਨ ਦੇ ਤਟ ਨੇੜੇ ਰਾਇਲ ਜ਼ਿਬ੍ਰਾਲਟਰ ਮਰੀਨ ਵੱਲੋਂ ਜ਼ਬਤ ਕੀਤੇ ਗਏ ਈਰਾਨ ਦੇ ਤੇਲ ਸੁਪਰ ਟੈਂਕਰ ਤੋਂ ਗਿ੍ਫ਼ਤਾਰ ਭਾਰਤੀ ਨਾਗਰਿਕਾਂ ਦੇ ਮਾਮਲੇ 'ਚ ਕਾਨੂੰਨ ਸਹੀ ਤਰੀਕੇ ਨਾਲ ਆਪਣਾ ਕੰਮ ਕਰੇਗਾ। ਪਾਬੰਦੀ ਦੀ ਉਲੰਘਣਾ ਕਰ ਕੇ ਸੀਰੀਆ ਨੂੰ ਤੇਲ ਸਪਲਾਈ ਕਰਨ ਦੇ ਦੋਸ਼ 'ਚ ਚਾਰ ਜੁਲਾਈ ਨੂੰ ਈਰਾਨ ਦਾ ਗ੍ਰੇਸ 1 ਸੁਪਰ ਟੈਂਕਰ ਜ਼ਬਤ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਖ਼ਬਰਾਂ 'ਚ ਦੱਸਿਆ ਗਿਆ ਹੈ ਕਿ ਉਨ੍ਹਾਂ ਸਾਰਿਆਂ ਦਾ ਸਫਾਰਤੀ ਰਾਬਤਾ ਕਰਵਾ ਦਿੱਤਾ ਗਿਆ ਹੈ। ਮੇਰਾ ਮੰਨਣਾ ਹੈ ਕਿ ਕਾਨੂੰਨ ਦੀ ਸਹੀ ਪ੍ਰਕਿਰਿਆ ਜਾਰੀ ਰਹੇਗੀ। ਸਾਡੇ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਸਾਡਾ ਉਨ੍ਹਾਂ ਨਾਲ ਰਾਬਤਾ ਹੁੰਦਾ ਜਿਹੜਾ ਹੋ ਗਿਆ ਹੈ। ਰਾਇਲ ਜ਼ਿਬ੍ਰਾਲਟਰ ਪੁਲਿਸ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਚਾਰਾਂ ਭਾਰਤੀਆਂ ਨੂੰ ਬਗ਼ੈਰ ਦੋਸ਼ਾਂ ਦੇ ਜ਼ਮਾਨਤ 'ਤੇ ਛੱਡਿਆ ਜਾ ਚੁੱਕਿਆ ਹੈ।