ਨਵੀਂ ਦਿੱਲੀ : ਮੁਜੱਫਰਨਗਰ ਸ਼ੈਲਟਰ ਹੋਮ ਸਰੀਰ ਸ਼ੋਸ਼ਣ ਮਾਮਲੇ 'ਚ ਸੀਬੀਆਈ ਨੇ ਸੁਪਰੀਮ ਕੋਰਟ 'ਚ ਇਕ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮਾਮਲੇ ਦੇ ਮੁੱਖ ਦੋਸ਼ੀ ਬ੍ਰਿਜੇਸ਼ ਠਾਕੁਰ ਤੇ ਉਸਦੇ ਸਹਿਯੋਗੀਆਂ ਨੇ ਕਥਿਤ ਤੌਰ 'ਤੇ 11 ਲੜਕੀਆਂ ਦੀ ਹੱਤਿਆ ਕਰ ਦਿੱਤੀ। ਕਬਰਗਾਹ ਤੋਂ ਹੱਡੀਆਂ ਦਾ ਬੰਡਲ ਬਰਾਮਦ ਕੀਤਾ ਗਿਆ ਹੈ। ਸੁਪਰੀਮ ਕੋਰਟ 'ਚ ਦਾਖ਼ਲ ਆਪਣੇ ਹਲਫ਼ਨਾਮੇ 'ਚ ਸੀਬੀਆਈ ਨੇ ਆਖਿਆ ਹੈ ਕਿ ਜਾਂਚ ਦੌਰਾਨ ਪੀੜਤਾਵਾਂ ਦੇ ਦਰਜ ਕੀਤੇ ਗਏ ਬਿਆਨਾਂ 'ਚ 11 ਲੜਕੀਆਂ ਦੇ ਨਾਂ ਸਾਹਮਣੇ ਆਏ। ਕਿਹਾ ਜਾ ਰਿਹਾ ਹੈ ਕਿ ਬ੍ਰਿਜੇਸ਼ ਠਾਕੁਰ ਤੇ ਉਸਦੇ ਸਹਿਯੋਗੀਆਂ ਨੇ ਕਥਿਤ ਤੌਰ 'ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।

ਜਾਂਚ ਏਜੰਸੀ ਨੇ ਕਿਹਾ ਕਿ ਇਕ ਮੁਲਜ਼ਮ ਤੋਂ ਮਿਲੇ ਸੰਕੇਤ 'ਤੇ ਕਬਰਗਾਹ 'ਚ ਇਕ ਖ਼ਾਸ ਥਾਂ 'ਤੇ ਖੁਦਾਈ ਕੀਤੀ ਗਈ ਜਿਥੋਂ ਹੱਡੀਆਂ ਦਾ ਪਤਾ ਲੱਗਾ। ਬਿਹਾਰ ਦੇ ਮੁਜੱਫ਼ਰਨਗਰ 'ਚ ਐੱਨਜੀਓ ਸੰਚਾਲਿਤ ਸ਼ੈਲਟਰ ਹੋਮ 'ਚ ਕਈ ਲੜਕੀਆਂ ਨਾਲ ਜਬਰ ਜਿਨਾਹ ਕੀਤਾ ਗਿਆ ਤੇ ਕਈ ਲੜਕੀਆਂ ਸਰੀਰਕ ਸੋਸ਼ਣ ਦਾ ਸ਼ਿਕਾਰ ਹੋਈਆਂ। ਇਹ ਮਾਮਲਾ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਦੀ ਰਿਪੋਰਟ 'ਚ ਸਾਹਮਣੇ ਆਇਆ। ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਪੀ ਗਈ। ਜਾਂਚ ਏਜੰਸੀ ਨੇ ਠਾਕੁਰ ਸਮੇਤ 21 ਵਿਅਕਤੀਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ।

ਸ਼ੁੱਕਰਵਾਰ ਨੂੰ ਇਹ ਮਾਮਲਾ ਚੀਫ਼ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਸਾਹਮਣੇ ਪੇਸ਼ ਹੋਇਆ। ਬੈਚ ਨੇ ਕਿਹਾ ਕਿ ਉਹ ਸੀਬੀਆਈ ਨੂੰ ਰਸਮੀ ਨੋਟਿਸ ਜਾਰੀ ਕਰੇਗੀ ਤੇ ਜਾਂਚ ਏਜੰਸੀ ਚਾਰ ਹਫ਼ਤੇ 'ਚ ਆਪਣਾ ਜਵਾਬ ਦੇਵੇਗੀ। ਪਟੀਸ਼ਨਕਰਤਾ ਵੱਲੋਂ ਪੇਸ਼ ਵਕੀਲ ਤੇ ਫ਼ੌਜੀਆ ਸ਼ਕੀਲ ਨੇ ਬੈਂਚ ਨੂੰ ਆਖਿਆ ਕਿ ਸੀਬੀਆਈ 'ਚ ਵੱਡੀ ਸਾਜਿਸ਼ ਦੇ ਬਾਰੇ 'ਚ ਉਚਿਤ ਤਰੀਕੇ ਨਾਲ ਜਾਂਚ ਨਹੀਂ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਦੀਆਂ ਵੱਡੀਆਂ ਤਜਵੀਜ਼ਾਂ ਤਹਿਤ ਦੋਸ਼ ਪੱਤਰ ਦਾਖ਼ਲ ਨਹੀਂ ਕੀਤਾ ਗਿਆ ਹੈ।

Posted By: Arundeep