ਜੇਐੱਨਐੱਨ, ਅਯੁੱਧਿਆ : ਰਾਮਨਗਰੀ ਅਯੁੱਧਿਆ ’ਚ ਕਾਫੀ ਤੇਜ਼ ਵਹਾਅ ਵਾਲੀ ਸਰਯੂ ਨਦੀ ’ਚ ਇਸ਼ਨਾਨ ਕਰਨ ਦੌਰਾਨ ਆਗਰਾ ਦੇ ਇਕ ਪਰਿਵਾਰ ਦੇ 12 ਲੋਕ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਏ। ਗੁਪਤਾਰ ਘਾਟ ਦੀ ਇਸ ਘਟਨਾ ਤੋਂ ਬਾਅਦ ਖਲਬਲੀ ਮਚ ਗਈ। ਰੈਸਕਿਊ ਦੌਰਾਨ ਤਿੰਨ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ, ਜਦਕਿ ਪੰਜ ਲੋਕਾਂ ਦੀ ਮੌਤ ਹੋ ਗਈ ਹੈ।

ਜਲ ਪੁਲਿਸ ਦੇ ਨਾਲ ਗੋਤਾਖੋਰਾਂ ਨੇ ਡੁੱਬੇ ਹੋਏ 12 ਲੋਕਾਂ ’ਚੋਂ ਤਿੰਨ ਨੂੰ ਬਚਾ ਲਿਆ ਹੈ। ਇਨ੍ਹਾਂ ’ਚ ਇਕ ਢਾਈ ਸਾਲ ਦੀ ਬੱਚੀ ਵੀ ਹੈ। ਇਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਚਾਰ ਲੋਕ ਹਾਲੇ ਵੀ ਲਾਪਤਾ ਹਨ। ਧਾਰਿਆ ਨਾਮ ਦੀ ਇਸ ਬੱਚੀ ਨੇ ਤੈਰ ਕੇ ਜਾਨ ਬਚਾ ਲਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਐੱਮ ਯੋਗੀ ਆਦਿੱਤਿਆਨਾਥ ਨੇ ਅਯੋਧਿਆ ਦੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ ’ਤੇ ਜਾ ਕੇ ਜਲਦ ਤੋਂ ਜਲਦ ਰਾਹਤ ਕਾਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਐੱਨਡੀਆਰਐੱਫ ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ।

ਆਗਰਾ ਦੇ ਸਿਕੰਦਰਾ ਤੋਂ ਅਯੁੱਧਿਆ ਦਰਸ਼ਨ ਲਈ ਗਏ ਪਰਿਵਾਰ ਦੇ 12 ਮੈਂਬਰ ਪਵਿੱਤਰ ਇਸ਼ਨਾਨ ਕਰਨ ਦੌਰਾਨ ਡੁੱਬ ਗਏ। ਗੋਤਾਖੋਰਾਂ ਦੀ ਮਦਦ ਨਾਲ ਪੁਲਿਸ ਸਾਰਿਆਂ ਨੂੰ ਲੱਭਣ ਦਾ ਯਤਨ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਗਰਾ ਦੇ ਸਿਕੰਦਰਾ ਵਾਸੀ ਮਹੇਸ਼ ਕੁਮਾਰ ਦੇ ਪਰਿਵਾਰ ਦੇ 15 ਮੈਂਬਰ ਅਯੋਧਿਆ ਦਰਸ਼ਨ ਲਈ ਗਏ ਸਨ। ਉਥੇ ਗੁਪਤਾਰ ਘਾਟ ’ਤੇ ਇਸ਼ਨਾਨ ਕਰਦੇ ਸਮੇਂ ਪਰਿਵਾਰ ਦੇ ਦੋ ਲੋਕ ਡੁੱਬਣ ਲੱਗੇ, ਉਨ੍ਹਾਂ ਨੂੰ ਬਚਾਉਣ ਲਈ ਬਾਕੀ ਲੋਕ ਵੀ ਨਦੀ ਦੀ ਗਹਿਰਾਈ ’ਚ ਚਲੇ ਗਏ। ਕੁੱਲ 12 ਲੋਕ ਡੁੱਬ ਗਏ ਹਨ। ਗੋਤਾਖੋਰ ਸਾਰਿਆਂ ਨੂੰ ਲੱਭਣ ਦਾ ਯਤਨ ਕਰ ਰਹੇ ਹਨ। ਇਧਰ ਪਰਿਵਾਰ ਦੇ ਦੂਸਰੇ ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

Posted By: Ramanjit Kaur