ਜੇਐੱਨਐੱਨ, ਕੋਲਕਾਤਾ : ਕੋਲਕਾਤਾ ਨੇ ਅੰਗ ਟਰਾਂਸਪਲਾਂਟ ਦੇ ਖੇਤਰ ਵਿਚ ਇਕ ਹੋਰ ਮਿਸਾਲ ਪੇਸ਼ ਕੀਤੀ ਹੈ। ਬ੍ਰੇਨ ਡੈੱਡ ਐਲਾਨੇ ਗਏ ਇਕ ਨੌਜਵਾਨ ਦੇ ਅੰਗਾਂ ਨਾਲ ਪੰਜ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਮਿ੍ਤਕ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਦਿਲ, ਗੁਰਦਾ ਤੇ ਲੀਵਰ ਦੇ ਨਾਲ-ਨਾਲ ਚਮੜੀ ਨੂੰ ਵੀ ਦਾਨ ਕਰ ਦਿੱਤਾ। ਬਰਧਮਾਨ ਦੇ ਮੇਮਾਰੀ ਇਲਾਕੇ ਦੇ ਨਿਵਾਸੀ 34 ਸਾਲ ਦੇ ਚਿਨਮਯ ਘੋਸ਼ ਬੁੱਧਵਾਰ ਨੂੰ ਸੜਕ ਹਾਦਸੇ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਬਰਧਮਾਨ ਦੇ ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਹਾਲਤ ਵਿਗੜਦੀ ਦੇਖ ਕੇ ਉਨ੍ਹਾਂ ਨੂੰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਇਸ ਤੋਂ ਬਾਅਦ ਚਿਨਮਯ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਵੱਖ-ਵੱਖ ਅੰਗਾਂ ਨੂੰ ਦਾਨ ਕਰਨ ਦਾ ਫ਼ੈਸਲਾ ਲਿਆ। ਇਸ ਤੋਂ ਤੁਰੰਤ ਬਾਅਦ ਲੋੜਵੰਦ ਮਰੀਜ਼ਾਂ ਦਾ ਪਤਾ ਲਾਇਆ ਗਿਆ। ਬੁੱਧਵਾਰ ਸਵੇਰੇ ਗ੍ਰੀਨ ਕਾਰੀਡੋਰ ਤਿਆਰ ਕਰਕੇ ਚਿਨਮਯ ਦੇ ਦਿਲ ਨੂੰ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ। ਗੁਰਦਾ, ਲੀਵਰ ਦਾ ਇਕ ਹਿੱਸਾ ਤੇ ਚਮੜੀ ਨੂੰ ਐੱਸਐੱਸਕੇਐੱਮ ਹਸਪਤਾਲ ਪਹੁੰਚਾਇਆ ਗਿਆ। ਲੀਵਰ ਦਾ ਇਕ ਹੋਰ ਹਿੱਸਾ ਅਪੋਲੋ ਹਸਪਤਾਲ ਲਿਆਂਦਾ ਗਿਆ। ਚੇਨਈ ਦੇ ਰਹਿਣ ਵਾਲੇ ਸੁਰਜੀਤ ਪਾਤਰ 'ਚ ਦਿਲ ਟਰਾਂਸਪਲਾਂਟ ਕੀਤਾ ਗਿਆ। ਇਸ ਤੋਂ ਇਲਾਵਾ ਬੰਗਾਲ ਦੇ 24 ਉਤਰ ਪਰਗਣਾ ਜ਼ਿਲ੍ਹੇ ਦੇ ਬਨਗਾਂਵ ਦੇ ਨਿਵਾਸੀ ਵਿਧਾਨ ਅਧਿਕਾਰੀ ਨੂੰ ਇਕ ਲੀਵਰ ਟਰਾਂਸਪਲਾਂਟ ਕੀਤਾ ਗਿਆ। ਦੋਵੇਂ ਗੁਰਦੇ ਤੇ ਲੀਵਰ ਦਾ ਇਕ ਹੋਰ ਹਿੱਸਾ ਹੋਰਨਾਂ ਮਰੀਜ਼ਾਂ ਨੂੰ ਟਰਾਂਸਪਲਾਂਟ ਕੀਤੇ ਗਏ। ਚਿਨਮਯ ਦੀ ਚਮੜੀ ਮੈਡੀਕਲ ਵਿਦਿਆਰਥੀਆਂ ਦੀ ਖੋਜ ਲਈ ਦਾਨ ਕਰ ਦਿੱਤੀ ਗਈ।