ਗੁਰਿੰਦਰਜੀਤ ਸਿੰਘ ਸੋਢੀ, ਨਾਭਾ : ਪਿੰਡ ਢੀਂਗੀ ਨੇੜੇ ਬੀਤੀ ਦੇਰ ਰਾਤ ਬਾਡੀ ਬਿਲਡਰ ਸਮਸ਼ਾਦ ਖ਼ਾਨ ਦੀ ਤੇਜ਼ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਸਮਸ਼ਾਦ ਦੀ ਲਾਸ਼ ਸੜਕ 'ਤੇ ਰੱਖ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮੌਕੇ 'ਤੇ ਪੁੱਜੇ ਡੀਐੱਸਪੀ ਵਰਿੰਦਰਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਸ਼ਮਸ਼ਾਦ ਦੇ ਭਰਾ ਦੇ ਬਿਆਨ 'ਤੇ ਦੋ ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਨਾਭਾ ਨੇੜਲੇ ਪਿੰਡ ਹਰੀਗੜ੍ਹ ਦਾ ਵਾਸੀ ਬਾਡੀ ਬਿਲਡਰ ਸਮਸ਼ਾਦ ਖ਼ਾਨ ਬੀਤੀ ਰਾਤ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਇਸੇ ਦੋਰਾਨ ਪਿੰਡ ਢੀਂਗੀ ਨੇੜੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰਦਿਆਂ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਸ਼ਮਸ਼ਾਦ ਦੇ ਸਾਥੀ ਹਰਵਿੰਦਰ ਹੈਰੀ ਨੇ ਦੱਸਿਆ ਕਿ ਸ਼ਮਸ਼ਾਦ ਨੂੰ ਉਸ ਵੱਲੋਂ ਸਰਕਾਰੀ ਹਸਪਤਾਲ ਤਕ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ। ਹੈਰੀ ਅਨੁਸਾਰ ਸ਼ਮਸ਼ਾਦ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਅਣਗਿਣਤ ਨਿਸ਼ਾਨ ਸਨ। ਸ਼ਮਸ਼ਾਦ ਦੇ ਪਿਤਾ ਦਿਲਵਰ ਖ਼ਾਨ ਨੇ ਦੱਸਿਆ ਕਿ ਉਸ ਨੂੰ ਰਾਤ ਸਮਸ਼ਾਦ ਦਾ ਫੋਨ ਆਇਆ ਸੀ ਕਿ ਉਹ ਰਸਤੇ ਵਿਚ ਹੈ ਅਤੇ ਘਰ ਆ ਰਿਹਾ ਹੈ ਪਰ ਰਸਤੇ ਵਿਚ ਹੀ ਉਸ ਦੀ ਹੱਤਿਆ ਹੋ ਗਈ। ਸ਼ਮਸ਼ਾਦ ਦੇ ਭਰਾ ਕਰਮ ਖ਼ਾਨ ਦੇ ਬਿਆਨਾਂ 'ਤੇ ਪੁਲਿਸ ਨੇ ਸੁਰਜੀਤ ਵਰਮਾ ਅਤੇ ਗੁਰਵਿੰਦਰ ਸਿੰਘ ਗੁਰੀ ਨਾਂ ਦੇ ਵਿਅਕਤੀਆਂ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।