ਰਾਂਚੀ : ਰਾਂਚੀ 'ਚ ਵੀਰਵਾਰ ਨੂੰ ਖ਼ੂਨ ਦੀ ਲੁੱਟ ਦਾ ਅਨੋਖਾ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਸੂਬੇ ਅਤੇ ਦੇਸ਼ ਦਾ ਆਪਣੇ ਤਰ੍ਹਾਂ ਦਾ ਇਕਲੌਤਾ ਮਾਮਲਾ ਦੱਸਿਆ ਜਾ ਰਿਹਾ ਹੈ। ਵੀਰਵਾਰ ਦੁਪਹਿਰ ਦੋ ਵਜੇ ਦੇ ਕਰੀਬ ਰਾਂਚੀ ਸਿਵਲ ਹਸਪਤਾਲ ਦੇ ਬਲੱਡ ਬੈਂਕ 'ਚ ਨੌਜਵਾਨ ਪਹੁੰਚਿਆ। ਉਸ ਨੇ ਖ਼ੂਨ ਮੰਗਿਆ, ਦੇਣ ਲਈ ਪ੍ਰਕਿਰਿਆ ਪੂਰੀ ਕਰਨ ਦੀ ਗੱਲ ਆਖੇ ਜਾਣ 'ਤੇ ਉਸ ਨੇ ਬਲੱਡ ਬੈਂਕ ਕਰਮੀ ਗੋਪਾਲ ਠਾਕੁਰ 'ਤੇ ਪਿਸਤੌਲ ਤਾਣ ਦਿੱਤੀ। ਇਸ ਤੋਂ ਬਾਅਦ ਫ੍ਰੀਜਰ 'ਚ ਰੱਖਿਆ ਇਕ ਯੂਨਿਟ ਖੂਨ ਕੱਢ ਕੇ ਆਰਾਮ ਨਾਲ ਚਲਦਾ ਬਣਿਆ।

ਇਸ ਘਟਨਾ ਦੀ ਸੂਚਨਾ ਬਲੱਡ ਬੈਂਕ ਮੁਲਾਜ਼ਮਾਂ ਨੇ ਪਹਿਲਾਂ ਇੰਚਾਰਜ ਬਿਮਲੇਸ਼ ਸਿੰਘ ਨੂੰ ਦਿੱਤੀ। ਇਸ ਤੋਂ ਬਾਅਦ ਲੋਅਰ ਬਾਜ਼ਾਰ ਥਾਣੇ ਦੀ ਪੁਲਿਸ ਨੂੰ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਉੱਥੇ ਪੁਲਿਸ ਪਹੁੰਚੀ ਅਤੇ ਛਾਣਬੀਣ ਕੀਤੀ। ਬਲੱਡ ਬੈਂਕ ਕਰਮਚਾਰੀਆਂ ਅਨੁਸਾਰ, ਕਾਂਕੇ ਪਤਰਾਟੋਲੀ ਨਿਵਾਸੀ ਆਜ਼ਾਦ ਅੰਸਾਰੀ ਨਾਂ ਦਾ ਨੌਜਵਾਨ ਪਹੁੰਚਿਆ ਸੀ। ਉਸੇ ਨੇ ਹੀ ਹਥਿਆਰ ਦੇ ਜ਼ੋਰ 'ਤੇ ਖ਼ੂਨ ਲੁੱਟ ਲਿਆ।

ਇਸ ਮਾਮਲੇ 'ਚ ਲੋਅਰ ਬਾਜ਼ਾਰ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਅਜੇ ਤਕ ਸਬੰਧਿਤ ਨੌਜਵਾਨ ਦੇ ਸਬੰਧ 'ਚ ਪਤਾ ਨਹੀਂ ਲੱਗ ਸਕਿਆ। ਉਸ ਦੀ ਗ੍ਰਿਫ਼ਤਾਰੀ ਦਾ ਯਤਨ ਕੀਤਾ ਜਾ ਰਿਹਾ ਹੈ। ਮਾਮਲੇ 'ਚ ਕਿੰਨੀ ਸੱਚਾਈ ਹੈ, ਸਬੰਧਿਤ ਨੌਜਵਾਨ ਦੇ ਫੜੇ ਜਾਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ।

ਨੌਜਵਾਨ ਚਿਹਰੇ 'ਤੇ ਮਾਸਕ ਪਹਿਨ ਕੇ ਆਇਆ ਸੀ। ਉਸ ਨੇ ਆਪਣੀ ਮੋਟਰਸਾਈਕਲ ਬਲੱਡ ਬੈਂਕ ਦੇ ਬਾਹਰ ਖੜ੍ਹੀ ਕੀਤੀ। ਇਸ ਤੋਂ ਬਾਅਦ ਅੰਦਰ ਵੜਿਆ ਅਤੇ ਬੋਲਿਆ ਕਿ ਉਸ ਦੇ ਕਿਸੇ ਨਜ਼ਦੀਕੀ ਨੂੰ ਖ਼ੂਨ ਦੀ ਜ਼ਰੂਰਤ ਹੈ। ਇਕ ਯੂਨਿਟ ਖ਼ੂਨ ਚਾਹੀਦਾ ਹੈ। ਪਿਸਤੌਲ ਦਿਖਾ ਕੇ ਬੋਲਿਆ, ਮੇਰੇ ਕੋਲ ਇਹ ਹੈ... ਕਰਮਚਾਰੀ ਨੇ ਨੌਜਵਾਨ ਨੂੰ ਬਲੱਡ ਲੈਣ ਲਈ ਹਪਸਤਾਲ ਦਾ ਰਿਕੁਐਸਟ ਲੈਟਰ ਅਤੇ ਸੈਂਪਲ ਮੰਗਿਆ। ਜਦੋਂਕਿ ਨੌਜਵਾਨ ਕੋਲ ਨਾ ਰਿਕੁਐਸਟ ਲੈਟਰ ਸੀ ਅਤੇ ਨਾ ਹੀ ਸੈਂਪਲ। ਇਸ 'ਤੇ ਬਲੱਡ ਬੈਂਕ ਕਰਮਚਾਰੀਆਂ ਨੇ ਪ੍ਰਕਿਰਿਆ ਦਾ ਹਵਾਲਾ ਦਿੰਦਿਆਂ ਖ਼ੂਨ ਦੇਣ ਤੋਂ ਇਨਕਾਰ ਕਰ ਦਿੱਤਾ। ਇਨਕਾਰ ਕਰਨ 'ਤੇ ਨੌਜਵਾਨ ਨੇ ਗੁੱਸੇ 'ਚ ਗਾਲੀ-ਗਲੋਚ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਹਥਿਆਰ ਤਾਣ ਕੇ ਸਾਰਿਆਂ ਨੂੰ ਕਿਨਾਰੇ ਕਰ ਦਿੱਤਾ।

Posted By: Jagjit Singh