ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵਾਸਪਾਤਰ ਜੇਪੀ ਨੱਡਾ ਦੀ ਪ੍ਰਧਾਨਗੀ ’ਚ ਹੀ ਭਾਜਪਾ ਅਗਲੀਆਂ ਯਾਨੀ 2024 ਦੀਆਂ ਲੋਕ ਸਭਾ ਚੋਣਾਂ ਲੜੇਗੀ। ਨੱਡਾ ਦਾ ਮੌਜੂਦਾ ਕਾਰਜਕਾਲ ਅਗਲੇ ਸਾਲ 20 ਜਨਵਰੀ ਨੂੰ ਖ਼ਤਮ ਹੋ ਰਿਹਾ ਹੈ। ਉਸ ਤੋਂ ਪਹਿਲਾਂ ਸੰਸਦੀ ਬੋਰਡ ਉਨ੍ਹਾਂ ਦਾ ਕਾਰਜਕਾਲ ਵਧਾਉਣ ਦੇ ਫ਼ੈਸਲੇ ’ਤੇ ਮੋਹਰ ਲਗਾ ਦੇਵੇਗਾ। ਭਾਜਪਾ ’ਚ ਪ੍ਰਧਾਨ ਦਾ ਕਾਰਜਕਾਲ ਤਿੰਨ ਸਾਲਾਂ ਦਾ ਹੁੰਦਾ ਹੈ ਤੇ ਇਹ ਲਗਾਤਾਰ ਦੋ ਵਾਰ ਹੋ ਸਕਦਾ ਹੈ।

ਮੌਜੂਦਾ ਹਾਲਤ ’ਚ ਲਗਾਤਾਰ ਚੋਣਾਂ ਹੋਣ ਵਾਲੀਆਂ ਹਨ। ਗੁਜਰਾਤ ਤੇ ਖ਼ੁਦ ਨੱਡਾ ਦੇ ਗ੍ਰਹਿ ਸੂਬੇ ਹਿਮਾਚਲ ਪ੍ਰਦੇਸ਼ ’ਚ ਨਵੰਬਰ-ਦਸੰਬਰ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਅਗਲੇ ਸਾਲ ਮਾਰਚ-ਅਪ੍ਰੈਲ ’ਚ ਕਰਨਾਟਕ ਦੇ ਨਾਲ-ਨਾਲ ਜੰਮੂ-ਕਸ਼ਮੀਰ ’ਚ ਵੀ ਚੋਣਾਂ ਹੋ ਸਕਦੀਆਂ ਹਨ। ਇਸ ਲਿਹਾਜ਼ ਨਾਲ ਪਾਰਟੀ ਲੀਡਰਸ਼ਿਪ ਦਾ ਇਹ ਮਨ ਬਣ ਚੁੱਕਾ ਹੈ ਕਿ ਫ਼ਿਲਹਾਲ ਪ੍ਰਧਾਨ ਦੀ ਚੋਣ ਟਾਲ ਕੇ ਨੱਡਾ ਦੇ ਕਾਰਜਕਾਲ ਨੂੰ ਲਗਪਗ ਡੇਢ ਸਾਲ ਦਾ ਵਿਸਥਾਰ ਦਿੱਤਾ ਜਾਵੇ ਤਾਂ ਕਿ ਪਾਰਟੀ ਲੋਕ ਸਭਾ ਚੋਣਾਂ ਤਕ ਰਣਨੀਤੀ ਨੂੰ ਜ਼ਮੀਨੀ ਪੱਧਰ ’ਤੇ ਉਤਾਰ ਸਕੇ। ਕਾਰਜਕਾਲ ਵਿਸਥਾਰ ਦਾ ਫ਼ੈਸਲਾ ਸੰਸਦੀ ਬੋਰਡ ਦੇ ਹੀ ਅਧਿਕਾਰ ਖੇਤਰ ’ਚ ਆਉਂਦਾ ਹੈ। ਉੱਧਰ, ਚੋਣਾਂ ਦੀ ਪੂਰੀ ਪ੍ਰਕਿਰਿਆ ਹੁੰਦੀ ਹੈ ਜਿਸ ਨੂੰ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ’ਚ ਅੰਤਿਮ ਮਨਜ਼ੂੁਰੀ ਦਿੱਤੀ ਜਾਂਦੀ ਹੈ।

ਉਂਜ ਨੱਡਾ ਨੇ ਕੋਵਿਡ ਇਨਫੈਕਸ਼ਨ ਦੇ ਸਮੇਂ ਤੋਂ ਜਿਸ ਤਰ੍ਹਾਂ ਪਾਰਟੀ ਅੰਦਰ ਸੰਵਾਦ ਸਥਾਪਿਤ ਕਰ ਕੇ ਪ੍ਰਚਾਰ ਤੇ ਪ੍ਰਸਾਰ ਕੀਤਾ, ਉਸ ਦਾ ਅਸਰ ਸਾਫ਼ ਦਿਸਿਆ ਸੀ। ਉਨ੍ਹਾਂ ਦੇ ਕਾਰਜਕਾਲ ’ਚ ਹੀ ਪਾਰਟੀ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ’ਚ ਮੁੜ ਜਿੱਤ ਕੇ ਸੱਤਾ ’ਚ ਆਈ। ਬੰਗਾਲ ’ਚ ਪਾਰਟੀ ਮਜ਼ਬੂਤੀ ਨਾਲ ਮੁੱਖ ਵਿਰੋਧੀ ਪਾਰਟੀ ਬਣ ਕੇ ਉੱਭਰੀ। ਬਿਹਾਰ ’ਚ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ। ਉਨ੍ਹਾਂ ਦੇ ਕਾਰਜਕਾਲ ’ਚ ਤਿੰਨ ਸਾਲਾਂ ਅੰਦਰ ਦੇਸ਼ ’ਚ ਜਿੰਨੀਆਂ ਵੀ ਉਪ-ਚੋਣਾਂ ਹੋਈਆਂ, ਉਨ੍ਹਾਂ ’ਚ ਲਗਪਗ 56 ਫ਼ੀਸਦੀ ਵੋਟਾਂ ਭਾਜਪਾ ਦੀ ਝੋਲੀ ’ਚ ਆਈਆਂ। ਨੱਡਾ ਦੀ ਖ਼ਾਸੀਅਤ ਇਹ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਵੀ ਵਿਸ਼ਵਾਸਪਾਤਰ ਹਨ ਤਾਂ ਸੰਘ ਦੇ ਵੀ ਚਹੇਤੇ ਹਨ। ਇਹੀ ਨਹੀਂ, ਉਨ੍ਹਾਂ ਦਾ ਵਰਕਰਾਂ ਨਾਲ ਵੀ ਚੰਗਾ ਰਾਬਤਾ ਹੈ। ਇਸ ਹਾਲਤ ’ਚ ਫ਼ਿਲਹਾਲ ਪਾਰਟੀ ਦੀ ਕਮਾਨ ਉਨ੍ਹਾਂ ਦੇ ਹੱਥਾਂ ’ਚ ਹੀ ਰਹਿਣ ਦੀ ਸੰਭਾਵਨਾ ਹੈ।

Posted By: Jagjit Singh