ਨਵੀਂ ਦਿੱਲੀ : ਸਰਬਸੰਮਤੀ ਨਾਲ ਐੱਨਡੀਏ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲ ਕੇ ਨਰਿੰਦਰ ਮੋਦੀ ਨੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕੈਬਨਿਟ ਦੇ ਹੋਰ ਮੈਂਬਰਾਂ ਦੀ ਵੀ ਸੂਚੀ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਰਾਸ਼ਟਰਪਤੀ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਦੇ ਸਰਵਸੰਮਤੀ ਨਾਲ ਐੱਨਡੀਏ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਰਾਸ਼ਟਰਪਤੀ ਨੂੰ ਸਮਰਥਨ ਪੱਤਰ ਸੌਂਪਿਆ। ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ 'ਚ ਐੱਨਡੀਏ ਦੇ ਆਗੂਆਂ ਨੇ ਰਾਸ਼ਟਰਪਤੀ ਨੂੰ ਨਰਿੰਦਰ ਮੋਦੀ ਨੂੰ ਸਰਵਸੰਮਤੀ ਨਾਲ ਨੇਤਾ ਚੁਣੇ ਜਾਣ ਦੀ ਜਾਣਕਾਰੀ ਦਿੰਦਿਆਂ ਇਹ ਪੱਤਰ ਸੌਂਪਿਆ।

ਇਸ ਤੋਂ ਪਹਿਲਾਂ ਸੰਸਦੀ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਭਾਜਪਾ ਅਤੇ ਐੱਨਡੀਏ ਦੇ ਸਾਰੇ ਸੰਸਦ ਮੈਂਬਰਾਂ ਦਾ ਪੀਐੱਮ ਮੋਦੀ ਨੇ ਧੰਨਵਾਦ ਕੀਤਾ। ਉਨ੍ਹਾਂ ਇਸ ਦੌਰਾਨ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ 21ਵੀਂ ਸਦੀ 'ਚ ਹਿੰਦੁਸਤਾਨ ਨੂੰ ਉੱਚਾਈਆਂ 'ਤੇ ਲਿਜਾਣਾ ਹੈ। ਸਭਕਾ ਸਾਥ, ਸਭਕਾ ਵਿਕਾਸ' ਅਤੇ ਹੁਣ 'ਸਭਕਾ ਵਿਸ਼ਵਾਸ' ਇਹ ਸਾਡਾ ਮੰਤਰ ਹੈ।

ਉਨ੍ਹਾਂ ਕਿਹਾ ਕਿ ਸੈਂਟਰਲ ਹਾਲ ਦੀ ਇਹ ਘਟਨਾ ਸਾਧਾਰਨ ਘਟਨਾ ਹੈ। ਅਸੀਂ ਅੱਜ ਨਵੇਂ ਭਾਰਤ ਦੇ ਸੰਕਲਪ ਨੂੰ ਇਕ ਨਵੀਂ ਊਰਜਾ ਨਾਲ ਅੱਗੇ ਵਧਾਉਣ ਲਈ ਇਕ ਨਵੀਂ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ। ਤੁਸੀਂ ਸਾਰੇ ਇਸ ਬਦਲਾਅ ਦੀ ਪ੍ਰਕਿਰਿਆ ਦੇ ਬਹੁਤ ਵੱਡੇ ਗਵਾਹ ਹੋ। ਤੁਸੀਂ ਸਾਰੇ ਸਵਾਗਤ ਦੇ ਅਧਿਕਾਰੀ ਹੋ ਪਰ ਵਿਸ਼ੇਸ਼ ਤੌਰ 'ਤੇ ਜੋ ਪਹਿਲੀ ਵਾਰ ਚੁਣ ਕੇ ਆਏ ਹਨ, ਉਹ ਵਿਸ਼ੇਸ਼ ਸਵਾਗਤ ਦੇ ਅਧਿਕਾਰੀ ਹਨ।

ਪੂਰੇ ਵਿਸ਼ਵ ਦਾ ਧਿਆਨ ਭਾਰਤ ਦੀਆਂ ਇਨ੍ਹਾਂ ਚੋਣਾਂ 'ਤੇ ਸੀ। ਸਾਡੀ ਚੋਣ ਪੂਰੇ ਵਿਸ਼ਵ ਲਈ ਅਜੂਬਾ ਹੈ। ਇਸ ਕੰਮ ਨੂੰ ਕੈਂਦਰੀ ਚੋਣ ਕਮਿਸ਼ਨ, ਸੂਬਿਆਂ ਦੇ ਚੋਣ ਕਮਿਸ਼ਨਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਆਪਣੇ-ਆਪਣੇ ਯੋਗਦਾਨ ਨਾਲ ਇਸ ਨੂੰ ਸਫਲ ਬਣਾਇਆ। ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਚੋਣ ਤਾਂ ਇਕ ਉਤਸਵ ਸੀ ਹੀ, ਇਸ ਦੀ ਜਿੱਤ ਦਾ ਉਤਸ਼ਵ ਵੀ ਸ਼ਾਨਦਾਰ ਸੀ। ਸਿਰਫ ਭਾਰਤ ਹੀ ਨਹੀਂ, ਸਗੋਂ ਵਿਦੇਸ਼ 'ਚ ਵੀ ਵਧ ਚੜ੍ਹ ਕੇ ਇਸ ਦਾ ਉਤਸਵ ਮਨਾਇਆ ਗਿਆ।

ਭਾਰਤ ਦੇ ਲੋਕਤੰਤਰ ਨੂੰ ਸਾਨੂੰ ਸਮਝਣਾ ਪਵੇਗਾ। ਭਾਰਤ ਦੇ ਵੋਟਰ ਅਤੇ ਇਸ ਦੇ ਨਾਗਰਿਕਾਂ ਦੇ ਵਿਵੇਕ ਨੂੰ ਕਿਸੇ ਮਾਪਦੰਡ ਨਾਲ ਮਾਪਿਆ ਨਹੀਂ ਜਾ ਸਕਦਾ। ਸਾਡਾ ਲੋਕਤੰਤਰ ਇੰਨਾ ਮਚਿਓਰ ਹੁੰਦਾ ਜਾ ਰਿਹਾ ਹੈ ਕਿ ਸੱਤਾ ਅਤੇ ਉਸ ਦਾ ਰੁਤਬਾ ਭਾਰਤ ਦੇ ਵੋਟਰ ਨੂੰ ਕਦੇ ਪ੍ਰਭਾਵਿਤ ਨਹੀਂ ਕਰਦਾ। ਸੱਤਾ ਭਾਵ ਨਾ ਤਾਂ ਉਹ ਸਵੀਕਾਰ ਕਰਦਾ ਹੈ ਅਤੇ ਨਾ ਹੀ ਉਸ ਨੂੰ ਹਜ਼ਮ ਹੁੰਦਾ ਹੈ। ਮਜਬੂਰੀ ਵੱਸ ਕਦੇ ਉਸ ਨੂੰ ਮੰਨ ਵੀ ਲਵੇ ਤਾਂ ਉਸ ਦਾ ਸਨਮਾਨ ਨਹੀਂ ਕਰਦਾ। ਉਹ ਸੇਵਾ ਭਾਵ ਨੂੰ ਸਿਰ ਝੁਕਾ ਕੇ ਸਵੀਕਾਰ ਕਰਦਾ ਹੈ। ਜਨਤਾ ਨੇ ਸਾਨੂੰ ਸੇਵਾ ਭਾਵ ਕਾਰਨ ਸਵੀਕਾਰ ਕੀਤਾ ਹੈ। ਸੱਤਾ ਦੇ ਕਲਿਆਰੇ 'ਚ ਰਹਿਣ ਦੇ ਬਾਵਜੂਦ ਸੱਤਾ ਭਾਵ ਤੋਂ ਨਿਰਲੇਪ ਰਹਿਣ ਲਈ ਖ਼ੁਦ ਨੂੰ ਤਿਆਰ ਕਰਨਾ ਪਵੇਗਾ। ਜਿਵੇਂ-ਜਿਵੇਂ ਸੇਵਾ ਭਾਵ ਪ੍ਰਬਲ ਹੁੰਦਾ ਜਾਵੇਗਾ, ਸੱਤਾ ਭਾਵ ਸਮਾਪਤ ਹੁੰਦਾ ਜਾਵੇਗਾ। ਇਸ ਲਈ ਰਾਮ ਕ੍ਰਿਸ਼ਨ ਪਰਮਹੰਸ ਕਹਿੰਦੇ ਸਨ ਕਿ ਜੀਵ 'ਚ ਹੀ ਸ਼ਿਵ ਹੈ। ਇਸ ਲਈ ਜੀਵਮਾਤਰ ਦੀ ਸੇਵਾ ਸ਼ਿਵ ਦੀ ਸੇਵਾ ਤੋਂ ਘੱਟ ਨਹੀਂ ਹੈ। ਇਹ ਸੇਵਾ ਭਾਵ ਸਾਡੇ ਲਈ ਅਤੇ ਦੇਸ਼ ਦੇ ਬਿਹਤਰ ਭਵਿੱਖ ਲਈ ਇਸ ਤੋਂ ਵਧੀਆ ਕੋਈ ਮਾਰਗ ਨਹੀਂ ਹੋ ਸਕਦਾ। ਸੰਸਦੀ ਦਲ ਦਾ ਨੇਤਾ ਚੁਣੇ ਜਾਣ ਨੂੰ ਮੈਂ ਇਸ ਇਕ ਪ੍ਰਬੰਧ ਦਾ ਹਿੱਸਾ ਮੰਨਦਾ ਹਾਂ। ਐੱਨਡੀਏ ਦੀ ਸਭ ਤੋਂ ਵੱਡੀ ਤਾਕਤ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਾ ਹੈ। ਇਹੀ ਐੱਨਡੀਏ ਦੀ ਵੱਡੀ ਤਾਕਤ ਹੈ। ਜੇਕਰ ਕਿਸੇ ਤੋਂ ਗਲਤੀ ਹੋ ਜਾਵੇ ਤਾਂ ਇਕ ਸਿਰ ਅਜਿਹਾ ਚਾਹੀਦਾ ਹੈ, ਜੋ ਉਸ ਸੱਟ ਨੂੰ ਸਹਿ ਸਕੇ। ਮੈਂ ਸਮਝਦਾ ਹਾਂ ਕਿ ਤੁਸੀਂ ਮੈਨੂੰ ਇਸ ਲਈ ਚੁਣਿਆ ਹੈ।


ਅਚਾਰੀਆ ਵਿਨੋਬਾ ਭਾਵੇ ਕਹਿੰਦੇ ਸਨ ਕਿ ਚੋਣਾਂ ਵੰਡੀ ਪਾਉਂਦੀਆਂ ਹਨ, ਖਾਈ ਪੈਦਾ ਕਰ ਦਿੰਦੀਆਂ ਹਨ, ਪਰ 2019 ਦੀਆਂ ਚੋਣਾਂ ਨੇ ਦਿਲਾਂ ਨੂੰ ਜੋੜਨ ਦਾ ਕੰਮ ਕੀਤਾ ਹੈ। ਇਹ ਇਕ ਤਰ੍ਹਾਂ ਨਾਲ ਸਮਾਜਿਕ ਏਕਤਾ ਦਾ ਅੰਦੋਲਨ ਬਣ ਗਿਆ। ਇਸ ਨੇ ਇਸ ਚੋਣ ਨੂੰ ਇਕ ਨਵੀਂ ਉੱਚਾਈ ਦਿੱਤੀ ਹੈ। ਇਸ ਕੜੀ 'ਚ ਦੇਸ਼ ਦੀ ਜਨਤਾ ਨੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਅਸੀਂ ਗਵਾਹ ਹਾਂ। ਅਸੀਂ ਅਜਿਹਾ ਦਾਅਵਾ ਨਹੀਂ ਕਰ ਸਕਦੇ ਕਿ ਅਸੀਂ ਇਸ ਦੇ ਰਚੈਤਾ ਹਾਂ। ਇਸ ਨੂੰ ਅਸੀਂ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਵਾਰ ਦੇਸ਼ ਹਿੱਸੇਦਾਰ ਬਣਿਆ ਹੈ। ਉਸ ਨੇ 2014 'ਚ ਸਿਰਫ਼ ਬਿਠਾਇਆ ਹੀ ਨਹੀਂ, ਸਗੋਂ 2014-2019 ਤੱਕ ਸਾਨੂੰ ਚਲਾਇਆ ਹੈ। ਇਸ ਦੌਰਾਨ ਕਈ ਵਾਰ ਉਹ ਸਾਡੇ ਤੋਂ ਅੱਗੇ ਰਹੇ। ਜਨ ਨੁਮਾਇੰਦਿਆਂ ਨੂੰ ਮੇਰੀ ਅਪੀਲ ਹੈ ਕਿ ਮਨੁੱਖੀ ਸੰਵੇਦਨਾਵਾਂ ਨਾਲ ਹੁਣ ਸਾਡਾ ਕੋਈ ਪਰਾਇਆ ਨਹੀਂ ਰਹਿ ਸਕਦਾ। ਇਸ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ। ਦਿਲਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਾਂਗੇ। ਜਨ ਨੁਮਾਇੰਦੇ ਲਹੀ ਕੋਈ ਭੇਤਭਾਵ ਦੀ ਹੱਦਬੰਦੀ ਨਹੀਂ ਹੁੰਦੀ। ਜੋ ਸਾਡੇ ਨਾਲ ਸਨ, ਅਸੀਂ ਉਨ੍ਹਾਂ ਲਈ ਵੀ ਹਨ ਅਤੇ ਜੋ ਭਵਿੱਖ 'ਚ ਸਾਡੇ ਨਾਲ ਹੋਣਗੇ, ਅਸੀਂ ਉਨ੍ਹਾਂ ਲਈ ਵੀ ਹਾਂ।


ਇਸ ਦੇਸ਼ 'ਚ ਕਈ ਅਜਿਹੇ ਨਰਿੰਦਰ ਮੋਦੀ ਪੈਦਾ ਹੋ ਗਏ ਹਨ, ਜਿਨ੍ਹਾਂ ਨੇ ਮੰਤਰੀ ਮੰਡਲ ਬਣਾ ਦਿੱਤਾ ਹੈ। ਜੋ ਵੀ ਜਿੱਤ ਕੇ ਆਏ ਹਨ, ਸਭ ਮੇਰੇ ਹਨ। ਸਰਕਾਰ ਜਿਸ ਦੀ ਜ਼ਿੰਮੇਵਾਰੀ ਹੈ, ਉਹ ਬਣਾਉਣ ਵਾਲੇ ਹਨ। ਅਖ਼ਬਾਰ ਦੇ ਪੰਨਿਆਂ ਨਾਲ ਨਾ ਮੰਤਰੀ ਬਣਦੇ ਹਨ, ਨਾ ਮੰਤਰੀ ਅਹੁਦੇ ਜਾਂਦੇ ਹਨ। ਮੈਂ ਕਦੇ ਕਿਹਾ ਸੀ ਕਿ ਮੋਦੀ ਹੀ ਮੋਦੀ ਦਾ ਚੈਲੰਜਰ ਹੈ। ਇਸ ਵਾਰ ਮੋਦੀ ਨੇ ਮੋਦੀ ਨੂੰ ਚੈਲੰਜ ਕੀਤਾ ਅਤੇ 2014 ਦੇ ਸਾਰੇ ਰਿਕਾਰਡ ਤੋੜ ਦਿੱਤੇ। ਸਦਨ 'ਚ ਔਰਤਾਂ ਦੀ ਗਿਣਤੀ ਦਾ ਰਿਕਾਰਡ ਵੀ ਇਸ ਵਾਰ ਟੁੱਟ ਗਿਆ।

2014 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਜਿੰਨੀਆਂ ਵੋਟਾਂ ਮਿਲੀਆਂ ਅਤੇ 2019 'ਚ ਜੋ ਵੋਟਾਂ ਮਿਲੀਆਂ, ਉਨ੍ਹਾਂ 'ਚ ਜੋ ਵਾਧਾ ਹੋਇਆ ਹੈ, ਇਹ ਵਾਧਾ ਕਰੀਬ-ਕਰੀਬ 25 ਫ਼ੀਸਦੀ ਹੈ, ਮੇਰੇ ਜੀਵਨ ਦੇ ਕਈ ਪੜਾਅ ਰਹੇ, ਇਸ ਲਈ ਮੈਂ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ, ਮੈਂ ਇੰਨੀਆਂ ਚੋਣਾਂ ਦੇਖੀਆਂ, ਹਾਰ-ਜਿੱਤ ਸਭ ਦੇਖੀਆਂ, ਪਰ ਮੈਂ ਕਹਿ ਸਕਦਾ ਹਾਂ ਕਿ ਮੇਰੇ ਜੀਵਨ 'ਚ 2019 ਦੀ ਚੋਣ ਇਕ ਤਰ੍ਹਾਂ ਦੀ ਤੀਰਥ ਯਾਤਰਾ ਸੀ। ਇਸ ਵਾਰ ਮਾਤਾ-ਭੈਣਾਂ ਨੇ ਕਮਾਲ ਕਰ ਦਿੱਤਾ ਹੈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਪਾਰਲੀਮੈਂਟ 'ਚ ਇੰਨੀ ਵੱਡੀ ਗਿਣਤੀ 'ਚ ਮਹਿਲਾ ਸੰਸਦ ਮੈਂਬਰ ਬੈਠਣ ਦੀ ਇਹ ਪਹਿਲੀ ਘਟਨਾ ਹੋਵੇਗੀ। ਇਹ ਆਪਣੇ-ਆਪ 'ਚ ਬਹੁਤ ਵੱਡਾ ਕੰਮ ਸਾਡੀ ਮਾਤ-ਸ਼ਕਤੀ ਦੁਆਰ ਹੋਇਆ ਹੈ।

2014 'ਚ ਮੀ ਕਿਹਾ ਸੀ ਕਿ ਮੇਰੀ ਸਰਕਾਰ ਦੇਸ਼ ਦੇ ਦਲਿੱਤਾਂ, ਗਰੀਬਾਂ, ਪੀੜਤਾਂ, ਥੁੜਿਆਂ, ਆਦਿਵਾਸੀਆਂ ਨੂੰ ਸਮਰਪਿਤ ਹੈ। ਮੈਂ ਅੱਜ ਫਿਰ ਕਹਿਣਾ ਚਾਹੁੰਦਾ ਹਾਂ ਕਿ 5 ਸਾਲ 'ਚ ਅਸੀਂ ਇਸ ਗੱਲ ਤੋਂ ਆਪਣੇ-ਆਪ ਨੂੰ ਭਟਕਣ ਨਹੀਂ ਦਿੱਤਾ। ਦੇਸ਼ 'ਚ ਗਰੀਬ ਇਕ ਰਾਜਨੀਤਕ ਸੰਵਾਦ-ਵਿਵਾਦ ਦਾ ਵਿਸ਼ਾ ਰਿਹਾ, ਇਕ ਫੈਸ਼ਨ ਦਾ ਹਿੱਸਾ ਬਣ ਗਿਆ, ਭਰਮਜਾਲ 'ਚ ਰਿਹਾ। ਪੰਜ ਸਾਲਾਂ ਦੇ ਕਾਰਜਕਾਲ 'ਚ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਗ਼ਰੀਬਾਂ ਦੇ ਨਾਲ ਜੋ ਛਲ ਚੱਲ ਰਿਹਾ ਸੀ, ਉਸ ਛਲ 'ਚ ਅਸੀਂ ਛੇਕ ਕੀਤਾ ਹੈ ਅਤੇ ਸਿੱਧੇ ਗ਼ਰੀਬ ਕੋਲ ਪਹੁੰਚੇ ਹਾਂ।


ਦੇਸ਼ 'ਤੇ ਇਸ ਗ਼ਰੀਬੀ ਦਾ ਜੋ ਟੈਗ ਲੱਗਿਆ ਹੈ, ਉਸ ਤੋਂ ਦੇਸ਼ ਨੂੰ ਮੁਕਤੀ ਦਿਵਾਉਣਾ ਹੈ। ਗ਼ਰੀਬਾਂ ਦੇ ਹੱਥ ਲਈ ਅਸੀਂ ਜਿਊਣਾ-ਜੂਝਣਾ ਹੈ ਅਤੇ ਆਪਣਾ ਜੀਵਨ ਖਪਾਉਣਾ ਹੈ। ਗ਼ਰੀਬਾਂ ਨਾਲ ਜਿਹੋ-ਜਿਹਾ ਛਲ ਹੋਇਆ, ਉਹੋ-ਜਿਹਾ ਹੀ ਛਲ ਦੇਸ਼ ਦੇ ਘੱਟ-ਗਿਣਤੀਆਂ ਨਾਲ ਵੀ ਹੋਇਆ ਹੈ। ਮਾੜੀ ਕਿਸਮਤ ਨਾਲ ਦੇਸ਼ ਦੀ ਘੱਟ-ਗਿਣਤੀ ਨੂੰ ਉਸ ਛਲ 'ਚ ਅਜਿਹਾ ਭਰਮਾਇਆ ਅਤੇ ਭੈਅਭੀਤ ਰੱਖਿਆ ਗਿਆ ਹੈ, ਉਸ ਤੋਂ ਚੰਗਾ ਹੁੰਦਾ ਕਿ ਘੱਟ ਗਿਣਤੀਆਂ ਦੀ ਸਿੱਖਿਆ, ਸਿਹਤ ਦੀ ਚਿੰਤਾ ਕੀਤੀ ਜਾਂਦੀ। 2019 'ਚ ਤੁਹਾਨੂੰ ਉਮੀਦ ਕਰਨ ਆਇਆ ਹਾਂ ਕਿ ਅਸੀਂ ਇਸ ਛਲ ਨੂੰ ਭੇਦਣਾ ਹੈ। ਅਸੀਂ ਵਿਸ਼ਵਾਸ ਜਿੱਤਣਾ ਹੈ। ਸੰਵਿਧਾਨ ਨੂੰ ਗਵਾਹ ਮੰਨ ਕੇ ਅਸੀਂ ਸੰਕਲਪ ਲਈਏ ਕਿ ਦੇਸ਼ ਦੇ ਸਾਰੇ ਵਰਗਾਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣਾ ਹੈ। ਪੰਥ-ਜਾਤ ਦੇ ਆਧਾਰ 'ਤੇ ਕੋਈ ਭੇਤਭਾਵ ਨਹੀਂ ਹੋਣਾ ਚਾਹੀਦਾ।


ਪੀਐੱਮ ਮੋਦੀ ਨੂੰ ਐੱਨਡੀਏ ਅਤੇ ਭਾਜਪਾ ਦੇ ਨੇਤਾ ਦੇ ਰੂਪ 'ਚ ਚੁਣੇ ਜਾਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ, ਸ਼ਿਵਸੈਨਾ ਮੁਖੀ ਊਧਵ ਠਾਕਰੇ ਅਤੇ ਭਾਜਪਾ ਆਗੂਆਂ ਸੁਸ਼ਮਾ ਸਵਰਾਜ ਅਤੇ ਨਿਤਿਨ ਗਡਕਰੀ ਨੇ ਵਧਾਈ ਦਿੱਤੀ।

ਗਠਨ ਲਈ ਐੱਨਡੀਏ ਸੰਸਦੀ ਬੋਰਡ ਦੀ ਬੈਠਕ ਸੰਸਦ ਦੇ ਸੈਂਟਰਲ ਹਾਲ 'ਚ ਸ਼ੁਰੂ ਹੋ ਗਈ ਹੈ। ਐੱਨਡੀਏ ਦੀ ਇਸ ਬੈਠਕ 'ਚ ਭਾਜਪਾ ਦੇ ਸੀਨੀਅਰ ਆਗੂ ਲਾਲਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜ਼ੋਸ਼ੀ, ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ, ਸ਼ਿਵਸੈਨਾ ਚੀਫ ਉਦਵ ਠਾਕਰੇ, ਬਿਹਾਰ ਸੀਐੱਮ ਨੀਤਿਸ਼ ਕੁਮਾਰ, ਐੱਲਜੇਪੀ ਦੇ ਰਾਮਵਿਲਾਸ ਪਾਸਵਾਨ ਸਮੇਤ ਕਈ ਸੀਨੀਅਰ ਆਗੂ ਸਮੇਤ ਨਵਨਿਰਵਾਚਿਤ ਸੰਸਦ ਮੈਂਬਰ ਮੌਜੂਦ ਹਨ। ਇਸ ਬੈਠਕ ਚ ਸ਼ਾਮਲ ਹੋਣ ਲਈ ਪੀਐੱਮ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਪਹੁੰਚ ਗਏ ਹਨ।

ਸੰਸਦੀ ਪਾਰਟੀ ਦਾ ਆਗੂ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਤੇ ਐਨਡੀਏ ਸਹਿਯੋਗੀ ਪਾਰਟੀਆਂ ਦੇ ਸਾਰੇ ਸੰਸਦ ਮੈਂਬਰਾਂ ਦੀ ਸੂਚੀ ਰਾਸ਼ਟਰਪਤੀ ਨੂੰ ਸੌਂਪਣਗੇ ਤੇ ਸਰਕਾਰ ਬਣਾਉਣ ਦਾ ਦਾਅਵਾ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅਖੀਰ 'ਚ 30 ਮਈ ਨੂੰ ਨਵੇਂ ਮੰਤਰੀ ਮੰਡਲ ਨਾਲ ਸਹੁੰ ਚੁੱਕ ਸਕਦੇ ਹਨ। ਇਸ ਤੋਂ ਪਹਿਲਾਂ ਉਹ ਬਨਾਰਸ ਵੀ ਜਾ ਸਕਦੇ ਹਨ।

Posted By: Amita Verma